ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਵੱਡੀ ਹਾਰ ਮਗਰੋਂ ਬਾਦਲ ਪਰਿਵਾਰ ਖਿਲਾਫ ਆਵਾਜ਼ ਉੱਠਣ ਲੱਗੀ ਹੈ। ਬੇਸ਼ੱਕ ਬਾਹਰੋਂ ਪਾਰਟੀ ਅੰਦਰ ਸਭ ਠੀਕ ਨਜ਼ਰ ਆ ਰਿਹਾ ਹੈ ਪਰ ਟਕਸਾਲੀ ਲੀਡਰ ਤਬਦੀਲੀ ਦੀ ਲੋੜ ਮਹਿਸੂਸ ਕਰ ਰਹੇ ਹਨ। ਟਕਸਾਲੀ ਲੀਡਰਾਂ (Taksali leaders) ਦਾ ਮੰਨਣਾ ਹੈ ਕਿ ਅਕਾਲੀ ਦਲ ਦੇ ਪੰਥਕ ਅਕਸ ਨੂੰ ਢਾਹ ਲੱਗੀ ਹੈ ਜਿਸ ਕਰਕੇ ਪਾਰਟੀ ਦਾ ਪੱਕਾ ਵੋਟ ਬੈਂਕ ਵੀ ਖਿਸਕਿਆ ਹੈ।


ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) (Shiromani Akali Dal, Sanyukt) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੇ ਬਾਦਲ ਪਰਿਵਾਰ ਨੂੰ ਸਹਾਲ ਦਿੱਤੀ ਹੈ ਕਿ ਉਹ ਪੰਥ ਤੇ ਪੰਜਾਬ ਦੀ ਭਲਾਈ ਲਈ ਸਿਆਸਤ ਤੋਂ ਲਾਂਭੇ ਹੋ ਜਾਣ। ਢੀਂਡਸਾ ਨੇ ਕਿਹਾ ਕਿ ਸਿੱਖ ਕੌਮ ’ਚ ਆਏ ਨਿਘਾਰ ਤੇ ਲੋਕਾਂ ਵਿੱਚ ਅਕਾਲੀ ਦਲ ਦੇ ਘਟੇ ਆਧਾਰ ਲਈ ਸਿਰਫ਼ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਥ ਤੇ ਪੰਜਾਬ ਨੇ ਬਾਦਲ ਪਰਿਵਾਰ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਸੱਤਾ ਦੇ ਨਸ਼ੇ ਵਿੱਚ ਇਹ ਪਰਿਵਾਰ ਲੋਕਾਂ ਦੀਆਂ ਆਸਾਂ ’ਤੇ ਖਰਾ ਨਹੀਂ ਉਤਰ ਸਕਿਆ।


ਢੀਂਡਸਾ ਨੇ ਕਿਹਾ ਕਿ ਲੰਘੀਆਂ ਚੋਣਾਂ ਦੌਰਾਨ ਬਾਦਲਾਂ ਦੀ ਅਗਵਾਈ ਨੂੰ ਪੰਜਾਬੀਆਂ ਤੇ ਸਿੱਖਾਂ ਨੇ ਮੁੱਢੋਂ ਨਕਾਰ ਦਿੱਤਾ ਹੈ, ਇਸ ਲਈ ਹੁਣ ਬਾਦਲ ਪਰਿਵਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿਆਸਤ ਵਿੱਚ ਉਨ੍ਹਾਂ ਦਾ ਦੌਰ ਖਤਮ ਹੋ ਚੁੱਕਿਆ ਹੈ। ਢੀਂਡਸਾ ਨੇ ਇਸ ਮੌਕੇ ਸਮੁਚੇ ਸਿੱਖ ਪੰਥ ਨੂੰ ਕੌਮ ਤੇ ਸਮਾਜ ਦੀ ਬਿਹਤਰੀ ਲਈ ਇਕਜੁੱਟ ਹੋ ਕੇ ਯਤਨ ਕਰਨ ਦੀ ਅਪੀਲ ਕੀਤੀ।


ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਇਸ ਮਹਾਨ ਜਥੇਬੰਦੀ ਨੂੰ ਮਜ਼ਬੂਤੀ ਬਖਸ਼ਣ ਵਿੱਚ ਮਦਦ ਕਰਨ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਅਪੀਲ ਕੀਤੀ ਕਿ ਉਹ ਕੌਮ ਦੇ ਬਿਹਤਰੀ ਲਈ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਣ।


ਇਹ ਵੀ ਪੜ੍ਹੋ: Bhagwant Mann Meeting: ਭਗਵੰਤ ਸਿੰਘ ਮਾਨ ਨੇ 2 ਮਈ ਨੂੰ ਬੁਲਾਈ ਮੀਟਿੰਗ, ਅਹਿਮ ਫੈਸਲਿਆਂ 'ਤੇ ਲੱਗੇਗੀ ਮੋਹਰ