Bathinda News: ਬਠਿੰਡਾ ਮਿਲਟਰੀ ਸਟੇਸ਼ਨ 'ਚ ਫਾਇਰਿੰਗ ਕਰਕੇ ਚਾਰ ਜਵਾਨਾਂ ਦੀ ਹੱਤਿਆ ਕਰਨ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਫੌਜ ਦੇ 10 ਜਵਾਨਾਂ ਨੂੰ ਨੋਟਿਸ ਭੇਜਿਆ ਹੈ। ਇਹ ਨੋਟਿਸ ਧਾਰਾ 160 ਤਹਿਤ ਭੇਜਿਆ ਗਿਆ ਹੈ। ਇਸ ਵਿੱਚ ਫੌਜ ਦੇ ਜਵਾਨਾਂ ਨੂੰ ਬਿਆਨ ਦਰਜ ਕਰਵਾਉਣ ਲਈ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਫੌਜ ਖੁਦ ਇਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।
ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਮਿਲਟਰੀ ਸਟੇਸ਼ਨ ਅੰਦਰ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਚਾਰ ਫੌਜੀ ਜਵਾਨਾਂ ਦੇ ਮਾਮਲੇ ਵਿੱਚ ਪੁਲਿਸ ਨੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਲਈ ਆਰਮੀ ਅਫਸ਼ਰਾਂ ਨੂੰ ਪੱਤਰ ਭੇਜਿਆ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਦਿੱਲੀ ਤੋਂ ਟੀਮ ਆਉਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਮਾਮਲੇ ਦੀ ਜਾਂਚ ਮਿਲਟਰੀ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਪੱਧਰ 'ਤੇ ਕੀਤੀ ਜਾ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ 12 ਅਪ੍ਰੈਲ ਨੂੰ ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਚਾਰ ਫੌਜੀ ਜਵਾਨਾਂ ਦੇ ਮਾਮਲੇ ਦੀ ਜਾਂਚ ਭਾਵੇਂ ਫੌਜ ਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ।
ਪੁਲਿਸ ਵੱਲੋਂ ਭਾਵੇਂ ਇਸ ਗੋਲੀਕਾਂਡ ਵਿੱਚ ਵਰਤੇ ਗਏ ਹਥਿਆਰ ਨੂੰ ਬਰਾਮਦ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਮਿਲਟਰੀ ਸਟੇਸ਼ਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਪੜਤਾਲ ਕੀਤੀ ਗਈ। ਹੁਣ ਪੰਜਾਬ ਪੁਲਿਸ ਵੱਲੋਂ ਕੁਝ ਸ਼ੱਕੀ ਲੋਕਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿਨ੍ਹਾਂ ਤੋਂ ਪੁੱਛਗਿਛ ਲਈ ਪੰਜਾਬ ਪੁਲਿਸ ਵੱਲੋਂ ਆਰਮੀ ਅਫਸਰਾਂ ਨੂੰ ਇੱਕ ਪੱਤਰ ਲਿਖਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਐਚਓ ਥਾਣਾ ਕੈਂਟ ਗੁਰਦੀਪ ਸਿੰਘ ਨੇ ਦੱਸਿਆ ਕਿ 12 ਅਪ੍ਰੈਲ ਨੂੰ ਮਿਲਟਰੀ ਸਟੇਸ਼ਨ ਅੰਦਰ ਵਾਪਰੇ ਗੋਲੀ ਕਾਂਡ ਸਬੰਧੀ ਲਗਾਤਾਰ ਫ਼ੌਜ ਤੇ ਪੁਲਿਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਵੱਖ-ਵੱਖ ਪਹਿਲੂਆਂ ਤੇ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਮਾਮਲੇ ਸਬੰਧੀ ਹਾਲੇ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: Amarnath Yatra 2023: ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਕੱਲ੍ਹ ਤੋਂ ਸ਼ੁਰੂ, 30 ਜੂਨ ਨੂੰ ਰਵਾਨਾ ਹੋਏਗਾ ਪਹਿਲਾ ਜਥਾ
ਉਨ੍ਹਾਂ ਕਿਹਾ ਕਿ 12 ਅਪ੍ਰੈਲ ਨੂੰ ਹੀ ਇੱਕ ਹਥਿਆਰ ਉਨ੍ਹਾਂ ਵੱਲੋਂ ਬਰਾਮਦ ਕੀਤਾ ਗਿਆ ਸੀ ਜਿਸ ਨੂੰ ਫਰਾਂਸਿਕ ਜਾਂਚ ਲਈ ਭੇਜਿਆ ਗਿਆ ਹੈ। ਪੁਲਿਸ ਵਿਭਾਗ ਵੱਲੋਂ ਸ਼ੱਕੀ ਲੋਕਾਂ ਦੀ ਇੱਕ ਲਿਸਟ ਤਿਆਰ ਕੀਤੀ ਗਈ ਹੈ। ਇਹ ਲਿਸਟ ਫੌਜੀ ਅਧਿਕਾਰੀਆਂ ਨੂੰ ਭੇਜੀ ਗਈ ਹੈ ਤਾਂ ਜੋ ਇਨ੍ਹਾਂ ਤੋਂ ਫੌਜ ਦੀ ਇਜਾਜ਼ਤ ਨਾਲ ਪੁੱਛਗਿੱਛ ਕੀਤੀ ਜਾ ਸਕੇ।