Amarnath Yatra 2023: ਅਮਰਨਾਥ ਯਾਤਰਾ ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋਵੇਗੀ। ਸਰਕਾਰ ਨੇ ਸ਼ੁੱਕਰਵਾਰ ਨੂੰ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪਹਿਲਾ ਜੱਥਾ 30 ਜੂਨ ਨੂੰ ਜੰਮੂ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਜਾਏਗਾ। ਇਸ ਵਾਰ ਯਾਤਰਾ 31 ਅਗਸਤ ਤੱਕ ਜਾਰੀ ਰਹੇਗੀ। ਸਰਕਾਰ ਨੇ ਵੀ 62 ਦਿਨਾਂ ਦੀ ਯਾਤਰਾ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨੇ ਸ਼ੁਰੂ ਕਰ ਦਿੱਤੇ ਹਨ। ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਆਫਲਾਈਨ ਤੇ ਔਨਲਾਈਨ ਮੋਡ ਰਾਹੀਂ ਸ਼ੁਰੂ ਹੋਵੇਗੀ।
ਇਸ ਬਾਰੇ ਜੰਮੂ-ਕਸ਼ਮੀਰ ਦੇ ਐਲਜੀ ਮਨੋਜ ਸਿਨ੍ਹਾ ਨੇ ਕਿਹਾ ਹੈ ਕਿ ਯਾਤਰਾ ਨੂੰ ਸੁਚਾਰੂ ਤੇ ਆਸਾਨ ਬਣਾਉਣ ਲਈ ਸਰਕਾਰ ਹਰ ਤਰ੍ਹਾਂ ਦੇ ਪ੍ਰਬੰਧ ਕਰ ਰਹੀ ਹੈ। ਸੂਬੇ ਵਿੱਚ ਆਉਣ ਵਾਲੇ ਸਾਰੇ ਸ਼ਰਧਾਲੂਆਂ ਲਈ ਬਿਹਤਰ ਸਿਹਤ ਸੇਵਾਵਾਂ ਤੇ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਤੀਰਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਦੂਰਸੰਚਾਰ ਸੇਵਾਵਾਂ ਨੂੰ ਹੋਰ ਕੁਸ਼ਲ ਬਣਾਇਆ ਜਾਵੇਗਾ।
ਦੱਸ ਦਈਏ ਕਿ ਅਮਰਨਾਥ ਧਾਮ ਜੰਮੂ ਤੇ ਕਸ਼ਮੀਰ ਵਿੱਚ ਹਿਮਾਲਿਆ ਦੀ ਗੋਦ ਵਿੱਚ ਸਥਿਤ ਇੱਕ ਪਵਿੱਤਰ ਗੁਫਾ ਹੈ, ਜੋ ਹਿੰਦੂਆਂ ਲਈ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਅਮਰਨਾਥ ਦੀ ਪਵਿੱਤਰ ਗੁਫਾ ਵਿੱਚ ਬਰਫਾ-ਲਿੰਗਮ ਅਰਥਾਤ ਬਰਫ਼ ਦੇ ਇੱਕ ਸ਼ਿਵ ਲਿੰਗ ਦੇ ਰੂਪ ਵਿੱਚ ਬਿਰਾਜਮਾਨ ਹਨ। ਬਰਫ਼ ਤੋਂ ਸ਼ਿਵਲਿੰਗ ਬਣਨ ਕਾਰਨ ਇਸ ਨੂੰ 'ਬਾਬਾ ਬਰਫ਼ਾਨੀ' ਵੀ ਕਿਹਾ ਜਾਂਦਾ ਹੈ।
ਪਵਿੱਤਰ ਗੁਫਾ ਗਲੇਸ਼ੀਅਰਾਂ, ਬਰਫੀਲੇ ਪਹਾੜਾਂ ਨਾਲ ਘਿਰੀ ਹੋਈ ਹੈ। ਗਰਮੀਆਂ ਦੇ ਕੁਝ ਦਿਨਾਂ ਨੂੰ ਛੱਡ ਕੇ ਇਹ ਗੁਫਾ ਸਾਲ ਦੇ ਜ਼ਿਆਦਾਤਰ ਸਮੇਂ ਬਰਫ਼ ਨਾਲ ਢਕੀ ਰਹਿੰਦੀ ਹੈ। ਇਹ ਸਿਰਫ਼ ਗਰਮੀਆਂ ਦੇ ਦਿਨਾਂ ਵਿੱਚ ਹੀ ਦਰਸ਼ਨਾਂ ਲਈ ਖੁੱਲ੍ਹੀ ਰਹਿੰਦੀ ਹੈ।
ਅਮਰਨਾਥ ਗੁਫਾ ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ 'ਚ ਅਮਰਨਾਥ ਪਰਬਤ 'ਤੇ 17 ਹਜ਼ਾਰ ਫੁੱਟ ਤੋਂ ਜ਼ਿਆਦਾ ਦੀ ਉਚਾਈ 'ਤੇ ਸਥਿਤ ਹੈ। ਅਮਰਨਾਥ ਗੁਫਾ ਸ਼੍ਰੀਨਗਰ ਤੋਂ 141 ਕਿਲੋਮੀਟਰ ਦੂਰ ਦੱਖਣੀ ਕਸ਼ਮੀਰ ਵਿੱਚ ਹੈ। ਇਹ ਪਹਿਲਗਾਮ ਤੋਂ 46-48 ਕਿਲੋਮੀਟਰ ਤੇ ਬਾਲਟਾਲ ਤੋਂ 14-16 ਕਿਲੋਮੀਟਰ ਦੂਰ ਹੈ। ਇੱਥੇ ਸਿਰਫ਼ ਪੈਦਲ, ਘੋੜੇ ਜਾਂ ਹੈਲੀਕਾਪਟਰ ਰਾਹੀਂ ਪਹੁੰਚਿਆ ਜਾ ਸਕਦਾ ਹੈ। ਤੀਰਥ ਯਾਤਰੀ ਪਹਿਲਗਾਮ ਤੋਂ 46-48 ਕਿਲੋਮੀਟਰ ਜਾਂ ਬਾਲਟਾਲ ਤੋਂ 14-16 ਕਿਲੋਮੀਟਰ ਦੂਰ ਪਹਾੜੀ ਰਸਤੇ ਪੈਦਲ ਚੱਲ ਕੇ ਇੱਥੇ ਪਹੁੰਚਦੇ ਹਨ।
ਇਹ ਵੀ ਪੜ੍ਹੋ: Atiq Ahmad Shot Dead: ਅਤੀਕ ਤੇ ਅਸ਼ਰਫ ਦੇ ਕਤਲ ਮਗਰੋਂ ਕਿਵੇਂ ਫੜੇ ਗਏ ਹਮਲਾਵਰ? ਕੈਮਰੇ 'ਚ ਕੈਦ ਹੋਈ ਪੂਰੀ ਕਹਾਣੀ...