ਚੰਡੀਗੜ੍ਹ: ਅਧਿਆਪਕ ਯੋਗਤਾ ਟੈਸਟ (ਟੈੱਟ) ਦੋ ਵਾਰ ਮੁਅੱਤਲ ਹੋਣ ਮਗਰੋਂ ਕਈ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਜਾ ਰਹੇ ਟੈਸਟ ਦੇ ਪ੍ਰਬੰਧਾਂ 'ਚ ਖਾਮੀਆਂ ਕਿਸੇ ਵੱਡੇ ਘੁਟਾਲੇ ਵੱਲ ਇਸ਼ਾਰਾ ਕਰਦੀਆਂ ਹਨ। ਇਸ ਮਗਰੋਂ ਬੋਰਡ ਮੈਨੇਜਮੈਂਟ ਨੇ ਜਾਂਚ ਦੇ ਹੁਕਮ ਦਿੱਤੇ ਹਨ। ਸੂਤਰਾਂ ਮੁਤਾਬਕ ਜੇਕਰ ਸਹੀ ਤਰੀਕੇ ਨਾਲ ਜਾਂਚ ਹੋਈ ਤਾਂ ਵੱਡੇ ਖੁਲਾਸੇ ਹੋ ਸਕਦੇ ਹਨ।

ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਜਨਵਰੀ ਨੂੰ ਲਿਆ ਜਾਣ ਵਾਲਾ ਅਧਿਆਪਕ ਯੋਗਤਾ ਟੈਸਟ ਕਈ ਖ਼ਾਮੀਆਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਟੈਸਟ 22 ਦਸੰਬਰ ਨੂੰ ਲਿਆ ਜਾਣਾ ਸੀ ਪਰ ਅਚਾਨਕ ਮੁਅੱਤਲ ਕਰਕੇ 5 ਜਨਵਰੀ ਦੀ ਨਵੀਂ ਤਾਰੀਖ ਐਲਾਨ ਦਿੱਤੀ ਸੀ। ਇਸ ਮਗਰੋਂ 5 ਜਨਵਰੀ ਦੀ ਬਜਾਏ 19 ਜਨਵਰੀ ਤਾਰੀਖ ਐਲਾਨ ਦਿੱਤੀ ਗਈ।

ਇਸ ਦਾ ਨੋਟਿਸ ਲੈਂਦਿਆਂ ਬੋਰਡ ਮੈਨੇਜਮੈਂਟ ਨੇ ਟੈੱਟ ਲਈ ਅਲਾਟ ਕੀਤੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਤੇ ਪ੍ਰੀਖਿਆ ਸਬੰਧੀ ਹਦਾਇਤਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ, ਡਾਇਰੈਕਟਰ (ਪ੍ਰੀਖਿਆਵਾਂ) ਡਾ. ਨਵਨੀਤ ਕੌਰ ਗਿੱਲ ਤੇ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਹਨ। ਇਹ ਤਾਜ਼ਾ ਆਦੇਸ਼ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਦੇ ਦਸਖ਼ਤਾਂ ਹੇਠ ਜਾਰੀ ਕੀਤੇ ਗਏ ਹਨ।

ਸਕੱਤਰ ਨੇ ਇਸ ਸਬੰਧੀ ਐਸਸੀਈਆਰਟੀ ਦੇ ਡਾਇਰੈਕਟਰ-ਕਮ-ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੂੰ ਸਮੁੱਚੇ ਮਾਮਲੇ ਦੀ ਜਾਂਚ ਸੌਂਪੀ ਹੈ। ਉਨ੍ਹਾਂ ਕਿਹਾ ਕਿ ਡੀਜੀਐਸਈ ਦੇ ਓਐਸਡੀ ਆਈਪੀਐਸ ਮਲਹੋਤਰਾ ਇਸ ਪੜਤਾਲ ਵਿੱਚ ਸਹਿਯੋਗ ਕਰਨਗੇ। ਬੋਰਡ ਮੈਨੇਜਮੈਂਟ ਨੇ ਜਾਂਚ ਅਧਿਕਾਰੀ ਨੂੰ ਪੜਤਾਲ ਦਾ ਕੰਮ 8 ਜਨਵਰੀ ਤੱਕ ਮੁਕੰਮਲ ਕਰਨ ਲਈ ਕਿਹਾ ਹੈ।

ਸੂਤਰਾਂ ਮੁਤਾਬਕ ਟੈਟ ਲਈ ਉਮੀਦਵਾਰਾਂ ਦੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ। ਹੁਣ ਇਹ ਪ੍ਰੀਖਿਆ 19 ਜਨਵਰੀ ਨੂੰ ਲਈ ਜਾਵੇਗੀ ਤੇ ਇਸ ਸਬੰਧੀ ਨਵੇਂ ਸਿਰਿਓਂ ਪ੍ਰਬੰਧ ਕੀਤੇ ਜਾਣਗੇ। ਉਮੀਦਵਾਰਾਂ ਦੇ ਇਕੱਠੇ ਬੈਠਣ ਨਾਲ ਨਕਲ ਦੀ ਸੰਭਾਵਨਾ ਦੇ ਮੱਦੇਨਜ਼ਰ ਐਪਲੀਕੇਸ਼ਨ ਫਾਰਮਾਂ ਨੂੰ ਤਰਤੀਬਵਾਰ ਕਰਨ ਮਗਰੋਂ ਹੀ ਨਵੇਂ ਰੋਲ ਨੰਬਰ ਜਾਰੀ ਕੀਤੇ ਜਾਣੇ ਹਨ।

ਪ੍ਰੀਖਿਆਰਥੀਆਂ ਨੂੰ 15 ਜਨਵਰੀ ਨੂੰ ਨਵੇਂ ਸਿਰਿਓਂ ਰੋਲ ਨੰਬਰ ਜਾਰੀ ਕੀਤੇ ਜਾਣਗੇ। ਪ੍ਰੀਖਿਆਰਥੀਆਂ ਨੂੰ ਇਹ ਰੋਲ ਨੰਬਰ ਉਨ੍ਹਾਂ ਦੇ ਐਪਲੀਕੇਸ਼ਨ ਫਾਰਮ ਵਿੱਚ ਭਰੇ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਐਸਐਮਐਸ ਰਾਹੀਂ ਤੇ ਈਮੇਲ ’ਤੇ ਭੇਜੇ ਜਾਣਗੇ। ਇਸ ਤੋਂ ਇਲਾਵਾ ਇਹ ਰੋਲ ਨੰਬਰ ਅਧਿਆਪਕ ਯੋਗਤਾ ਟੈੱਸਟ ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕੀਤੇ ਜਾ ਸਕਣਗੇ।

Education Loan Information:

Calculate Education Loan EMI