ਨਵੀਂ ਦਿੱਲੀ: ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (SFJ) ਨੇ ਖਾਲਿਸਤਾਨ ਦੀ ਮੰਗ ਲਈ ‘ਰੈਫਰੈਂਡਮ 2020’ ਤਹਿਤ ਵੋਟਾਂ ਰਜਿਸਟਰ ਕਰਨ ਲਈ ਐਤਵਾਰ ਨੂੰ ਇੱਕ ਕੈਨੇਡੀਅਨ ਪੋਰਟਲ ਲਾਂਚ ਕੀਤਾ ਹੈ। ਏਜੰਸੀਆਂ ਨੇ ਇਸ ਸਬੰਧੀ ਸੁਰੱਖਿਆ ਚੇਤਾਵਨੀ ਜਾਰੀ ਕੀਤੀ, ਕਿਉਂਕਿ ਇਸ ਵਾਰ ਸਮੂਹ ਨੇ ‘ਰੈਫਰੈਂਡਮ 2020’ ਦੀ ਰਜਿਸਟਰੀ ਲਈ ਪੰਜਾਬ ਦੀ ਬਜਾਏ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਚੁਣਿਆ ਹੈ।


ਇੰਟੈਲੀਜੈਂਸ ਵਿਭਾਗ ਵਿੱਚ ਮੌਜੂਦ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਫਜੇ ਨੇ ਦਿੱਲੀ ਵਿੱਚ ‘ਰੈਫਰੈਂਡਮ 2020’ ਲਈ ਰੈਫਰੈਂਡਮ ਕਰਵਾਉਣ ਲਈ ਕੈਨੇਡਾ ਤੋਂ ਕੈਨੇਡੀਅਨ ਪੋਰਟਲ ‘ਦਿੱਲੀ ਬਣਾਏਗਾ ਖਾਲਿਸਤਾਨ ਡੌਟ ਇਨ’ ਲਾਂਚ ਕੀਤੀ। ਇਸ ਕਾਰਨ ਸਬੰਧਤ ਵਿਭਾਗ ਨੂੰ ਮਹੀਨੇ ਦੇ ਅੰਦਰ ਹੀ ਅਜਿਹੀਆਂ ਹੋਰ ਕਾਰਵਾਈਆਂ ਲਈ ਸੁਚੇਤ ਹੋਣਾ ਪਿਆ।




ਪੋਰਟਲ ਦੇ ਹੋਮ ਪੇਜ 'ਚ ਕੈਨੇਡੀਅਨ ਝੰਡਾ ਲਹਿਰਾ ਰਿਹਾ ਹੈ। ਪੋਰਟਲ ਅੰਗ੍ਰੇਜ਼ੀ ਤੇ ਪੰਜਾਬੀ 'ਚ ਵੋਟ ਰਜਿਸਟ੍ਰੇਸ਼ਨ ਲਈ ਜਾਣਕਾਰੀ ਪ੍ਰਦਾਨ ਕਰਦਾ ਹੈ। ਅੰਦਰੂਨੀ ਸੁਰੱਖਿਆ ਨਾਲ ਜੁੜੇ ਮਾਹਰ ਕਹਿੰਦੇ ਹਨ ਕਿ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਮੁੱਖ ਕੇਂਦਰ ਦਿੱਲੀ ਸੀ, ਇਸ ਲਈ ਐਸਐਫਜੇ ਨੇ ਆਪਣੇ ਵੋਟਿੰਗ ਏਜੰਡੇ ਲਈ ਦਿੱਲੀ ਦੀ ਚੋਣ ਕੀਤੀ।



ਸਮੂਹ ਨੇ 4 ਜੁਲਾਈ ਨੂੰ ਇਸ ਸਬੰਧ 'ਚ ਇਕ ਰੂਸੀ ਵੈੱਬਸਾਈਟ 'ਤੇ ਪਾਬੰਦੀ ਲਾਉਣ ਦੇ ਫੈਸਲੇ ਤੋਂ ਬਾਅਦ ਇਹ ਕਦਮ ਚੁੱਕਿਆ, ਜਿਸ ਰਾਹੀਂ ਉਹ ਪੰਜਾਬ 'ਚ ਇਸ ਸਬੰਧ 'ਚ ਵੋਟਿੰਗ ਕਰਵਾਉਣੀ ਚਾਹੁੰਦਾ ਸੀ। ਐਸਐਫਜੇ ਨੇ 1955 'ਚ ਦਰਬਾਰ ਸਾਹਿਬ ਵਿਖੇ ਹੋਏ ਹਮਲੇ 'ਚ ਮਾਰੇ ਗਏ ਸਿੱਖਾਂ ਦੀ ਯਾਦ 'ਚ ਜ਼ੋਰ-ਸ਼ੋਰ ਨਾਲ 'ਰੈਫਰੈਂਡਮ 2020' ਲਈ ਆਨਲਾਈਨ ਵੋਟ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਸੀ।