ਚੰਡੀਗੜ੍ਹ: ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਸ਼ਵ ਸਿਹਤ ਸੰਗਠਨ ਨੇ ਸ਼ੁਰੂਆਤ ਤੋਂ ਹੀ ਲੌਕਡਾਊਨ ਨਾ ਖੋਲ੍ਹਣ ਦੀ ਸਲਾਹ ਦਿੱਤੀ ਹੈ, ਤਾਂ ਜੋ ਲੋਕ ਇੱਕ-ਦੂਜੇ ਦੇ ਸੰਪਰਕ 'ਚ ਨਾ ਆ ਸਕਣ ਤੇ ਕੋਰੋਨਾ ਨੂੰ ਨੱਥ ਪਾਈ ਜਾ ਸਕੇ। ਇਸ ਦੇ ਬਾਵਜੂਦ ਸਰਕਾਰਾਂ ਵੱਲੋਂ ਲੌਕਡਾਊਨ 'ਚ ਢਿੱਲ ਕੁਝ ਇਸ ਕਦਰ ਦਿੱਤੀ ਜਾ ਰਹੀ ਹੈ, ਜਿਸ ਨੂੰ ਦੇਖ ਲੱਗਦਾ ਹੀ ਨਹੀਂ ਕਿ ਲੌਕਡਾਊਨ ਵੀ ਲੱਗਾ ਹੈ।
ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਕੋਰੋਨਾ ਦੇ ਕੇਸ ਦਿਨ-ਬ-ਦਿਨ ਵੱਧ ਰਹੇ ਹਨ। ਜਿਸ ਤਰ੍ਹਾਂ ਚੰਡੀਗੜ੍ਹ ਵਿੱਚ ਕੋਰੋਨਾ ਪੌਜੇਟਿਵ ਮਾਮਲੇ ਵੱਧ ਰਹੇ ਹਨ, ਉਸ ਤੋਂ ਪ੍ਰੇਸ਼ਾਨ ਪ੍ਰਸ਼ਾਸਨ ਨੇ ਹੁਣ ਸਖਤ ਰੁਖ ਅਪਣਾਇਆ ਹੈ ਤੇ ਕਰਫਿਊ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਾਜ ਭਵਨ 'ਚ ਸੋਮਵਾਰ ਨੂੰ ਇੱਕ ਮੀਟਿੰਗ 'ਚ ਪ੍ਰਸ਼ਾਸਕ ਵੀਕੇ ਸਿੰਘ ਬਦਨੌਰ ਨੇ ਕਿਹਾ ਕਿ ਡਾਕਟਰਾਂ ਤੇ ਹੋਰ ਮਾਹਰਾਂ ਨਾਲ ਗੱਲਬਾਤ ਤੋਂ ਬਾਅਦ ਹੁਣ ਲੱਗਦਾ ਹੈ ਕਿ ਸ਼ਨੀਵਾਰ ਕਰਫਿਊ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ।
ਟ੍ਰਾਈਸਿਟੀ ਵਿੱਚ ਵੀਕੈਂਡ ਕਰਫਿਊ ਲਾਜ਼ਮੀ ਹੈ, ਤਾਂ ਜੋ ਅਸੀਂ ਕੋਰੋਨਾ ਦੇ ਮਾਮਲਿਆਂ ਨੂੰ ਤੈਅ ਕਰ ਸਕੀਏ। ਸਿਟੀ ਸਲਾਹਕਾਰ ਮਨੋਜ ਪਰੀਦਾ ਨੇ ਪੰਜਾਬ-ਹਰਿਆਣਾ ਦੇ ਮੁੱਖ ਸਕੱਤਰ ਨੂੰ ਇੱਕ ਪੱਤਰ ਭੇਜ ਕੇ ਆਪਣੀ ਰਾਏ ਮੰਗੀ ਹੈ। ਪੰਜਾਬ ਦੇ ਮੁੱਖ ਸਕੱਤਰ ਨੇ ਸਪਤਾਹਿਕ ਕਰਫਿਊ ਤੋਂ ਸਪੱਸ਼ਟ ਰੂਪ ਵਿੱਚ ਇਨਕਾਰ ਕਰ ਦਿੱਤਾ ਹੈ ਤੇ ਹਰਿਆਣਾ ਨੂੰ ਕਿਹਾ ਗਿਆ ਹੈ ਕਿ ਉਹ ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਆਪਣੀ ਰਾਏ ਦੇਣਗੇ।
ਜੇ ਹਰਿਆਣਾ ਤੇ ਪੰਜਾਬ ਵੱਲੋਂ ਕੋਈ ਸਹਿਯੋਗ ਨਾ ਮਿਲਿਆ ਤਾਂ ਚੰਡੀਗੜ੍ਹ 14-15 ਦਿਨਾਂ ਲਈ ਬੰਦ ਰਹੇਗਾ। ਪ੍ਰਸ਼ਾਸਨ ਟ੍ਰਾਈਸਿਟੀ 'ਚ ਇੱਕ ਵੀਕਐਂਡ ਕਰਫਿਊ ਚਾਹੁੰਦਾ ਹੈ। ਮੀਟਿੰਗ ਦੌਰਾਨ ਮਾਹਰਾਂ ਤੇ ਡਾਕਟਰਾਂ ਦੁਆਰਾ ਇਹ ਕਿਹਾ ਗਿਆ ਹੈ ਕਿ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਲੰਬੇ ਸਮੇਂ ਲਈ ਕਰਫਿਊ ਲਾਜ਼ਮੀ ਹੋਏਗਾ, ਵੀਕੈਂਡ ਦੇ ਕਰਫਿਊ ਦਾ ਜ਼ਿਆਦਾ ਅਸਰ ਨਹੀਂ ਹੋਏਗਾ।