ਤਰਨ ਤਾਰਨ: ਜਵਾਨ ਪੁੱਤਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਇੱਕ ਪਿਤਾ ਨੇ ਪੰਜਾਬ ਸਰਕਾਰ ਤੇ ਪੁਲਿਸ ਕੋਲ ਗੁਹਾਰ ਲਗਾਈ ਹੈ। ਕਸਬਾ ਖਾਲੜਾ ਦੇ ਪਰਮਜੀਤ ਕੁਮਾਰ ਸ਼ਰਮਾ ਦੇ ਪੁੱਤਰ ਮਨਦੀਪ ਸ਼ਰਮਾ ਦਾ ਕਰੀਬ ਦੋ ਮਹੀਨੇ ਪਹਿਲਾਂ ਪਿਸਤੌਲ ਨਾਲ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਪਰਮਜੀਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਸ ਦੇ ਜਵਾਨ ਪੁੱਤਰ ਨੂੰ ਕੁਝ ਲੋਕਾਂ ਨੇ ਭਿੱਖੀਵਿੰਡ ਵਿਖੇ ਉਨ੍ਹਾਂ ਦੇ ਪੈਟਰੋਲ ਪੰਪ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।




66 ਦਿਨ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਉਸ ਦੇ ਪੁੱਤਰ ਦੇ ਕਾਤਲਾਂ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਸਿਆਸੀ ਦਬਾਅ ਤੇ ਪੈਸੇ ਦੇ ਜ਼ੋਰ ਕਾਰਨ ਉਸ ਦੇ ਨੌਜਵਾਨ ਪੁੱਤਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸਬੰਧਤ ਹਨ ਜਦਕਿ ਕਤਲ ਕਰਨ ਵਾਲੇ ਲੋਕ ਸੱਤਾਧਾਰੀ ਪਾਰਟੀ ਕਾਂਗਰਸ ਨਾਲ ਸਬੰਧ ਰੱਖਦੇ ਹਨ।




ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ 'ਚ 8 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਜਦਕਿ ਸਿਰਫ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ, ਬਾਕੀ ਕਾਬੂ ਕਰਨੇ ਹਨ। ਇਸ ਸਬੰਧੀ ਜਦੋਂ ਭਿੱਖੀਵਿੰਡ ਦੇ ਉਪ ਪੁਲਿਸ ਕਪਤਾਨ ਰਾਜਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਕਤਲ ਕਾਂਡ ਦਾ ਮੁੱਖ ਦੋਸ਼ੀ ਕਾਬੂ ਕਰ ਲਿਆ ਗਿਆ ਹੈ ਜਦਕਿ ਦੂਸਰੀ ਧਿਰ ਵੱਲੋਂ ਇਸ ਦੀ ਪੁਲਿਸ ਇਨਕੁਆਰੀ ਲਵਾਈ ਹੋਈ ਜਿਸ ਦੀ ਐਸਆਈਟੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।