ਚੰਡੀਗੜ੍ਹ: ਹੋਲੀ ਤੋਂ ਪਹਿਲਾਂ ਮੌਸਮ ’ਚ ਕਾਫ਼ੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਕਈ ਇਲਾਕਿਆਂ ’ਚ ਬੂੰਦਾ-ਬਾਂਦੀ ਹੋ ਰਹੀ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕੁਝ ਪਹਾੜਾਂ ’ਤੇ ਬਰਫ਼ਬਾਰੀ ਤੇ ਮੀਂਹ ਪੈਣ ਕਾਰਨ ਤਾਪਮਾਨ ਹੇਠਾਂ ਚਲਾ ਗਿਆ ਹੈ।

 

ਭਾਰਤੀ ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਦੇਸ਼ ਦੇ ਕਈ ਰਾਜਾਂ ਵਿੱਚ ਅਗਲੇ 12 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਪਹਾੜਾਂ ਵਿੱਚ ਬਰਫ਼ਬਾਰੀ ਹੋ ਸਕਦੀ ਹੈ। ਕੁਝ ਰਾਜਾਂ ਵਿੱਚ ਮੀਂਹ ਅਗਲੇ ਦੋ-ਤਿੰਨ ਜਾਰੀ ਰਹਿਣ ਵਾਲਾ ਹੈ।

 

ਮੌਸਮ ਵਿਭਾਗ ਅਨੁਸਾਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਰਾਜਧਾਨੀ ਖੇਤਰ ਦਿੱਲੀ ਦੇ ਇਲਾਕਿਆਂ ’ਚ ਹਲਕੀ ਵਰਖਾ ਪੈ ਸਕਦੀ ਹੈ ਤੇ ਬੱਦਲਾਂ ਦੀ ਗਰਜ ਨਾਲ ਬੂੰਦਾ-ਬਾਂਦੀ ਹੋ ਸਕਦੀ ਹੈ। ਅੱਜ 22 ਮਾਰਚ ਤੇ ਬੁੱਧਵਾਰ 24 ਮਾਰਚ ਨੂੰ ਮੀਂਹ ਵਿੱਚ ਕੁਝ ਤੇਜ਼ੀ ਆਵੇਗੀ।

 

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਗਿਲਗਿਤ-ਬਾਲਟਿਸਤਾਨ, ਮੁਜ਼ੱਫ਼ਰਾਬਾਦ, ਲੱਦਾਖ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਤੇ ਬਰਫ਼ਬਾਰੀ ਸ਼ੁਰੂ ਹੋ ਜਾਵੇਗੀ। ਕੁਝ ਥਾਵਾਂ ਉੱਤੇ ਗੜੇਮਾਰ ਵੀ ਹੋ ਸਕਦੀ ਹੈ। ਗੜੇਮਾਰ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਵੀ ਹੋ ਸਕਦਾ ਹੈ।

 

ਅਗਲੇ 24 ਘੰਟਿਆਂ ਦੌਰਾਨ ਪਹਾੜੀ ਰਾਜਾਂ ਲੱਦਾਖ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਦੇ ਮੌਸਮ ਉੱਤੇ ਵੀ ਪਵੇਗਾ।

 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904