ਪੱਛਮੀ ਬੰਗਾਲ 'ਚ ਸ਼ਨੀਵਾਰ ਨੂੰ ਇਕ ਵਾਰ ਫਿਰ ਹਿੰਸਕ ਘਟਨਾ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿੱਚ ਸੱਤ ਭਾਜਪਾ ਵਰਕਰ ਜ਼ਖ਼ਮੀ ਹੋਏ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਭਾਜਪਾ ਵਰਕਰ ਬਰਧਮਾਨ ਜ਼ਿਲ੍ਹੇ ਵਿੱਚ ਸੰਪਰਕ ਮੁਹਿੰਮ ’ਤੇ ਸੀ। ਟੀਐਮਸੀ ਵਰਕਰਾਂ 'ਤੇ ਇਸ ਹਿੰਸਾ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੌਰਾਨ ਬਰਧਮਾਨ ਜ਼ਿਲ੍ਹੇ ਦੇ ਆਸਨਸੋਲ ਵਿੱਚ ਜਾਮਗਰਾਮ ਵਿਖੇ ਇੱਕ ਰੈਲੀ ਦੌਰਾਨ ਬੰਬ ਸੁੱਟੇ ਗਏ।

ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਭਾਜਪਾ ਦੇ ਸਥਾਨਕ ਨੇਤਾ ਲੇਖਣ ਘੋਰੂਈ ਨੇ ਕਿਹਾ - ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਨੇ ਗੋਲੀਬਾਰੀ ਕੀਤੀ ਅਤੇ ਬੰਬ ਸੁੱਟੇ, ਜਿਸ ਨਾਲ 7 ਲੋਕ ਜ਼ਖਮੀ ਹੋ ਗਏ। ਅਸੀਂ ਹਸਪਤਾਲ ਜਾ ਰਹੇ ਹਾਂ। ਪੁਲਿਸ ਤੋਂ ਮਦਦ ਮੰਗਣ ਦੇ ਬਾਵਜੂਦ ਉਹ ਅੱਗੇ ਨਹੀਂ ਆਏ।




ਦੂਜੇ ਪਾਸੇ ਟੀਐਮਸੀ ਨੇ ਭਾਜਪਾ ‘ਤੇ ਇਸ ਹਿੰਸਾ ਦਾ ਦੋਸ਼ ਲਗਾਇਆ ਹੈ। ਟੀਐਮਸੀ ਦੇ ਬਿਧਾਨ ਉਪਾਧਿਆਏ ਨੇ ਕਿਹਾ - ਇੱਥੇ ਇੱਕ ਭਾਜਪਾ ਰੈਲੀ ਸੀ, ਜਿਸ ਵਿੱਚ ਉਹ ਬੰਬ ਲੈ ਕੇ ਆਏ ਸੀ। ਭਾਜਪਾ ਵਰਕਰਾਂ ਨੇ ਸਾਡੇ 'ਤੇ ਹਮਲਾ ਕੀਤਾ। ਅਸੀਂ ਇਸ ਦੀ ਅਲੋਚਨਾ ਕਰਦੇ ਹਾਂ।

ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਭਾਜਪਾ ਅਤੇ ਪ੍ਰਦੇਸ਼ ਦੇ ਸੱਤਾਧਾਰੀ ਟੀਐਮਸੀ ਵਿਚਾਲੇ ਝੜਪਾਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਦੋਵੇਂ ਪਾਰਟੀਆਂ ਦੇ ਆਗੂ ਇਕ ਦੂਜੇ ਖਿਲਾਫ ਅੱਗ ਉਗਲ ਰਹੇ ਹਨ।