ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਮੁੜ ਨਵਾਂ ਦਾਅ ਖੇਡਿਆ ਹੈ। ਇਸ ਨਾਲ ਚਾਹੇ ਮੋਦੀ ਸਰਕਾਰ 'ਤੇ ਕੋਈ ਅਸਰ ਨਾ ਹੋਏ ਪਰ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਮੁੜ ਘਿਰ ਗਈਆਂ ਹਨ। ਦਰਅਸਲ ਕੈਪਟਨ ਨੇ ਚਾਰ ਨਵੰਬਰ ਨੂੰ ਵਿਧਾਇਕਾਂ ਸਣੇ ਦਿੱਲੀ 'ਚ ਰਾਜਘਾਟ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਵਿਰੋਧੀ ਧਿਰਾਂ ਦੇ ਵਿਧਾਇਕਾਂ ਨੂੰ ਵੀ ਦਿੱਲੀ ਚੱਲਣ ਦੀ ਅਪੀਲ ਕੀਤੀ ਹੈ।
ਕੈਪਟਨ ਦੇ ਪੈਂਤੜੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸਾਹਮਣੇ ਮੁੜ ਕਸੂਤੀ ਹਾਲਤ ਬਣ ਗਈ ਹੈ। ਹੁਣ ਤੱਕ ਦੋਵੇਂ ਮੁੱਖ ਵਿਰੋਧੀ ਧਿਰਾਂ ਕਹਿ ਰਹੀਆਂ ਸੀ ਕਿ ਜੇ ਕੈਪਟਨ ਦਿੱਲੀ ਧਰਨਾ ਦੇਣ ਤਾਂ ਉਹ ਨਾਲ ਚੱਲ਼ਣ ਲਈ ਤਿਆਰ ਹਨ। ਹੁਣ ਵੇਖਣਾ ਹੋਏਗਾ ਕਿ ਵਿਰੋਧੀ ਧਿਰਾਂ ਦੇ ਵਿਧਾਇਕ ਕੈਪਟਨ ਦੀ ਅਗਵਾਈ ਹੇਠ ਦਿੱਲੀ ਜਾਂਦੇ ਹਨ ਜਾਂ ਨਹੀਂ।
ਇਹ ਵੀ ਅਹਿਮ ਹੈ ਕਿ ਜਦੋਂ ਕੈਪਟਨ ਨੇ ਵਿਰੋਧੀ ਧਿਰਾਂ ਦੇ ਵਿਧਾਇਕਾਂ ਨੂੰ ਰਾਸ਼ਟਰਪਤੀ ਨਾਲ ਮੁਲਕਾਤ ਲਈ ਆਪਣੇ ਨਾਲ ਦਿੱਲ਼ੀ ਜਾਣ ਲਈ ਕਿਹਾ ਸੀ ਤਾਂ ਆਮ ਆਦਮੀ ਪਾਰਟੀ ਨੇ ਇਹ ਕਹਿ ਕੇ ਟਾਲ ਦਿੱਤਾ ਸੀ ਕਿ ਇਸ ਦੀ ਕੋਈ ਤੁਕ ਨਹੀਂ। ਇਸ ਦੇ ਨਾਲ ਹੀ ਆਪ ਨੇ ਐਲਾਨ ਕੀਤਾ ਸੀ ਕਿ ਜੇਕਰ ਕੈਪਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਜਾਂਦੇ ਹਨ ਤਾਂ ਉਹ ਨੰਗੇ ਪੈਰੀਂ ਜਾਣ ਲਈ ਤਿਆਰ ਹਨ।
ਹੁਣ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਮੁਲਾਕਾਤ ਦਾ ਸਮਾਂ ਦੇਣ ਇਨਕਾਰ ਕਰ ਦਿੱਤਾ ਹੈ। ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਨੂੰ ਲੈ ਕੇ ਦਿੱਲੀ 'ਤੇ ਧਾਵਾ ਬੋਲਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਿਧਾਇਕਾਂ ਸਣੇ ਭਲਕੇ ਰਾਜਘਾਟ ਵਿਖੇ ਧਰਨਾ ਦੇਣਗੇ।