ਪੇਇਚਿੰਗ: ਚੀਨ ਭਾਰਤ ਨਾਲ ਇੱਟ ਖੜਿੱਕਾ ਲੈਣ ਤੋਂ ਬਾਜ਼ ਨਹੀਂ ਆ ਰਿਹਾ। ਦਰਅਸਲ ਚੀਨ ਨੇ ਭਾਰਤ ਨਾਲ ਲੱਗਦੀ ਲੱਦਾਖ ਸਰਹੱਦ 'ਤੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਤੇ ਨਾਲ ਹੀ ਉੱਥੇ ਆਪਣੀ ਤਾਕਤ 'ਚ ਇਜ਼ਾਫਾ ਕਰ ਰਿਹਾ ਹੈ। ਇਹ ਵੀ ਖ਼ਬਰ ਹੈ ਕਿ ਚੀਨ ਨੇ ਗਲਵਾਨ ਘਾਟੀ 'ਚ ਕਈ ਟੈਂਟ ਲਾਏ ਹਨ ਤੇ ਪੈਗੋਂਗ ਝੀਲ 'ਚ ਆਪਣੀ ਗਸ਼ਤ ਵਧਾ ਦਿੱਤੀ ਹੈ।


ਅਜਿਹੇ 'ਚ ਚੀਨ ਨੇ ਸਰਹੱਦ 'ਤੇ ਵਿਵਾਦ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਚੀਨੀ ਮੀਡੀਆ ਮੁਤਾਬਕ ਗਲਵਾਨ ਘਾਟੀ ਚੀਨ ਦਾ ਇਲਾਕਾ ਹੈ ਤੇ ਭਾਰਤ ਜਾਣਬੁੱਝ ਕੇ ਉੱਥੇ ਵਿਵਾਦ ਪੈਦਾ ਕਰ ਰਿਹਾ ਹੈ। ਇਹ ਵੀ ਲਿਖਿਆ ਕਿ ਭਾਰਤ ਗਲਵਾਨ ਘਾਟੀ 'ਚ ਚੀਨ ਦੇ ਇਲਾਕੇ 'ਚ ਗੈਰਾਕਨੂੰਨੀ ਤਰੀਕੇ ਨਾਲ ਡਿਫੈਂਸ ਸਹੂਲਤਾਂ ਦਾ ਨਿਰਮਾਣ ਕਰ ਰਿਹਾ ਹੈ। ਇਸ ਕਾਰਨ ਚੀਨੀ ਫੌਜ ਕੋਲ ਇਸ ਦਾ ਜਵਾਬ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।


ਚੀਨੀ ਅਖ਼ਬਾਰ 'ਚ ਲਿਖਿਆ ਕਿ ਅਮਰੀਕਾ ਨਾਲ ਚੀਨ ਦੇ ਰਿਸ਼ਤੇ ਬੇਸ਼ੱਕ ਫਿਲਹਾਲ ਠੀਕ ਨਹੀਂ ਚੱਲ ਰਹੇ ਪਰ ਉਸ ਦੀ ਅੰਤਰ ਰਾਸ਼ਟਰੀ ਸਥਿਤੀ 1962 ਤੋਂ ਕਾਫੀ ਬਿਹਤਰ ਹੈ ਜਦੋਂ ਭਾਰਤ ਨੂੰ ਚੀਨ ਦੇ ਹੱਥੋਂ ਕਰਾਰੀ ਹਾਰ ਸਹਿਣੀ ਪਈ ਸੀ। ਚੀਨ ਨੇ ਉਸ ਵੇਲੇ ਤੋਂ ਹੁਣ ਤਕ ਆਪਣੀ ਸਥਿਤੀ ਕਾਫੀ ਬਿਹਤਰ ਕਰ ਲਈ ਹੈ। ਚੀਨ ਦੀ ਜੀਡੀਪੀ ਭਾਰਤ ਨਾਲੋਂ ਪੰਜ ਗੁਣਾ ਹੈ।


ਭਾਰਤ ਤੇ ਚੀਨ ਵਿਚਾਲੇ 3500 ਕਿਲੋਮੀਟਰ ਲੰਬੀ ਲਾਇਨ ਹੈ ਜਿਸ ਨੂੰ ਐਲਏਸੀ ਕਿਹਾ ਜਾਂਦਾ ਹੈ। ਕਈ ਸਥਾਨਾਂ 'ਤੇ ਦੋਵੇਂ ਪੱਖ ਆਪੋ ਆਪਣਾ ਦਾਅਵਾ ਕਰਦੇ ਹਨ ਜਿਸ ਕਾਰਨ ਦੋਵਾਂ ਦੇਸ਼ਆਂ ਦੀਆਂ ਫੌਜਾਂ ਵਿਚਾਲੇ ਤਣਾਅ ਵਧ ਚੁੱਕਾ ਹੈ।


ਗਲੋਬਲ ਟਾਇਮਜ਼ ਦਾ ਇਲਜ਼ਾਮ ਹੈ ਕਿ ਗਲਵਾਨ ਘਾਟੀ ਦਾ ਵਿਵਾਦ ਭਾਰਤ ਦੀ ਸੋਚੀ ਸਮਝੀ ਚਾਲ ਹੈ। ਭਾਰਤ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਗਲਵਾਨ ਘਾਟੀ ਚੀਨ ਦਾ ਇਲਾਕਾ ਹੈ ਪਰ ਮਈ ਦੀ ਸ਼ੁਰੂਆਤ ਤੋਂ ਭਾਰਤੀ ਫੌਜ ਚੀਨੀ ਇਲਾਕੇ 'ਚ ਘੁਸਪੈਠ ਕਰ ਰਹੀ ਹੈ।


ਅਖ਼ਬਾਰ 'ਚ ਚੇਤਾਵਨੀ ਦਿੱਤੀ ਗਈ ਕਿ ਜੇਕਰ ਭਾਰਤ ਨੇ ਛੇਤੀ ਇਹ ਕਾਰਵਾਈ ਬੰਦ ਨਾ ਕੀਤੀ ਤਾਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਕੁੜੱਤਣ ਵਧ ਸਕਦੀ ਹੈ। ਅਖ਼ਬਾਰ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਅਮਰੀਕਾ ਦੇ ਦਮ 'ਤੇ ਭੁੜਕ ਰਿਹਾ ਹੈ ਪਰ ਇਹ ਭਾਰਤ ਦੀ ਗਲਤਫਹਿਮੀ ਹੈ ਕਿਉਂਕਿ ਅਮਰੀਕਾ ਲਈ ਉਸ ਦੇ ਹਿੱਤ ਸਭ ਤੋਂ ਪਹਿਲਾਂ ਹਨ।


ਇਹ ਵੀ ਪੜ੍ਹੋ: ਪੁਲਿਸ ਵਿਭਾਗ 'ਚ ਵੱਡੇ ਪੱਧਰ 'ਤੇ ਹੋਣਗੇ ਤਬਾਦਲੇ, ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪਈ


ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਰਤ ਤੇ ਚੀਨ ਵਿਚਾਲੇ ਵਿਵਾਦ ਚੱ ਰਿਹਾ ਹੋਵੇ। ਇਸ ਤੋਂ ਪਹਿਲਾਂ ਡੋਕਲਾਮ 'ਚ ਕਈ ਦਿਨਾਂ ਤਕ ਦੋਵੇਂ ਦੇਸ਼ ਆਹਮੋ ਸਾਹਮਣੇ ਰਹੇ ਸਨ।


ਇਹ ਵੀ ਪੜ੍ਹੋ: ਲੌਕਡਾਊਨ ਦੌਰਾਨ ਪਾਕਿਸਤਾਨ 'ਚ ਫਸਿਆ ਅੰਮ੍ਰਿਤਸਰ ਦਾ ਪਰਿਵਾਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ