ਲੌਸ ਏਂਜਲਸ: ਕੋਰੋਨਾ ਵਾਇਰਸ ਦਾ ਹਵਾ ਜ਼ਰੀਏ ਹੋਣ ਵਾਲਾ ਪਸਾਰ ਜ਼ਿਆਦਾ ਘਾਤਕ ਤੇ ਬਿਮਾਰੀ ਨੂੰ ਫੈਲਣ ਦਾ ਮੁੱਖ ਜ਼ਰੀਆ ਹੋ ਸਕਦਾ ਹੈ। ਇਕ ਅਧਿਐਨ 'ਚ ਦੁਨੀਆਂ ਭਰ 'ਚ ਇਸ ਮਹਾਮਾਰੀ ਦੇ ਤਿੰਨ ਪ੍ਰਮੁੱਖ ਕੇਂਦਰਾਂ 'ਚ ਵਾਇਰਸ ਦੇ ਪ੍ਰਕੋਪ ਦਾ ਮੁਲਾਂਕਣ ਕੀਤਾ ਗਿਆ ਹੈ।


ਰਸਾਇਣ ਵਿਗਿਆਨ 'ਚ 1995 ਦੇ ਨੋਬੇਲ ਪੁਰਸਕਾਰ ਜੇਤੂ ਮਾਰਿਓ ਜੋ ਮੋਲਿਨਾ ਸਮੇਤ ਵਿਗਿਆਨਕਾਂ ਨੇ ਮਹਾਮਾਰੀ ਦੇ ਤਿੰਨ ਕੇਂਦਰਾਂ ਚੀਨ ਦੇ ਵੁਹਾਨ, ਅਮਰੀਕਾ 'ਚ ਨਿਊਯਾਰਕ ਤੇ ਇਟਲੀ 'ਚ ਇਸ ਲਾਗ ਦੀ ਪ੍ਰਵਿਰਤੀ ਤੇ ਕੰਟਰੋਲ ਦੇ ਕਦਮਾਂ ਦਾ ਮੁਲਾਂਕਣ ਕਰਕੇ ਕੋਵਿਡ-19 ਦੇ ਫੈਲਣ ਦੇ ਸਰੋਤਾਂ ਦਾ ਮੁਲਾਂਕਣ ਕੀਤਾ।


ਖੋਜਾਰਥੀਆਂ ਨੇ ਚਿੰਤਾ ਜ਼ਾਹਰ ਕੀਤੀ ਕਿ ਵਿਸ਼ਵ ਸਿਹਤ ਸੰਗਠਨ ਲੰਬੇ ਸਮੇਂ ਤੋਂ ਸਿਰਫ਼ ਸੰਪਰਕ 'ਚ ਆਉਣ ਵਾਲੇ ਵਾਇਰਸ ਨੂੰ ਰੋਕਣ 'ਤੇ ਜ਼ੋਰ ਦਿੰਦਾ ਰਿਹਾ ਹੈ ਤੇ ਕੋਰੋਨਾ ਵਾਇਰਸ ਦੇ ਹਵਾ ਜ਼ਰੀਏ ਫੈਲਣ ਦੇ ਤੱਥ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਹੈ।


PNAS ਮੈਗਜ਼ੀਨ 'ਚ ਛਪੇ ਅਧਿਐਨ ਮੁਤਾਬਕ ਹਵਾ ਤੋਂ ਹੋਣ ਵਾਲਾ ਪਸਾਰ ਜ਼ਿਆਦਾ ਹਮਲਾਵਰ ਹੈ ਤੇ ਇਹ ਇਸ ਬਿਮਾਰੀ ਦੇ ਪਸਾਰ ਦਾ ਮੁੱਖ ਜ਼ਰੀਆ ਹੈ। ਖੋਜ ਦੇ ਮੁਤਾਬਕ ਨੱਕ ਰਾਹੀਂ ਸਾਹ ਲੈਣ ਵਾਲੇ ਏਰੋਸੈਲ ਵਿਸ਼ਾਣੂ ਸਾਹ ਲੈਣ ਜ਼ਰੀਏ ਸਰੀਰ 'ਚ ਦਾਖ਼ਲ ਹੋ ਸਕਦੇ ਹਨ।


ਸੂਖ਼ਮ ਠੋਸ ਕਣਾਂ ਜਾਂ ਤਰਲ ਬੂੰਦਾਂ ਦੇ ਹਵਾ ਜਾਂ ਕਿਸੇ ਹੋਰ ਗੈਸ 'ਚ ਕੋਲਾਇਡ ਨੂੰ ਏਰੋਸੈਲ ਕਿਹਾ ਜਾਂਦਾ ਹੈ। ਕਿਸੇ ਲਾਗ ਵਾਲੇ ਵਿਅਕਤੀ ਨੂੰ ਖੰਘਣ ਜਾਂ ਛਿੱਕਣ ਤੋਂ ਪੈਦਾ ਹੋਣ ਵਾਲੇ ਤੇ ਇਨਸਾਨੀ ਵਾਲ ਦੀ ਮੋਟਾਈ ਜਿੰਨੇ ਆਕਾਰ ਦੇ ਏਰੋਸੈਲ 'ਚ ਕਈ ਵਾਇਰਸ ਹੋਣ ਦੀ ਖਦਸ਼ਾ ਹੁੰਦਾ ਹੈ।


ਖੋਜਰਾਥੀਆਂ ਮੁਤਾਬਕ ਅਮਰੀਕਾ 'ਚ ਲਾਗੂ ਸਮਾਜਿਕ ਦੂਰੀ ਦੇ ਨਿਯਮ ਜਿਹੇ ਰੋਕਥਾਮ ਉਪਾਅ ਕਾਫੀ ਨਹੀਂ ਹਨ। ਉਨ੍ਹਾਂ ਕਿਹਾ ਸਾਡੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਕੋਵਿਡ-19 ਗਲੋਬਲ ਮਹਾਮਾਰੀ ਨੂੰ ਰੋਕਣ 'ਚ ਦੁਨੀਆਂ ਇਸ ਲਈ ਨਾਕਾਮ ਹੋਈ ਕਿਉਂਕਿ ਉਸ ਨੇ ਹਵਾ ਜ਼ਰੀਏ ਵਾਇਰਸ ਦੇ ਫੈਲਣ ਦੀ ਗੰਭੀਰਤਾ ਨੂੰ ਪਛਾਣਿਆ ਨਹੀਂ।


ਉਨ੍ਹਾਂ ਨਤੀਜਾ ਕੱਢਿਆ ਕਿ ਜਨਤਕ ਸਥਾਨਾਂ 'ਤੇ ਮਾਸਕ ਪਹਿਨ ਕੇ ਬਿਮਾਰੀ ਨੂੰ ਫੈਲਣ ਤੋਂ ਰੋਕਣ 'ਚ ਕਾਫੀ ਮਦਦ ਮਿਲ ਸਕਦੀ ਹੈ।