ਵਾਸ਼ਿੰਗਟਨ: ਅਮਰੀਕਾ ਵਿੱਚ ਕਾਲੀ ਚਮੜੀ ਵਾਲੇ ਵਿਅਕਤੀ ਜੌਰਜ ਫਲੌਇਡ ਦੇ ਕਤਲ ਦੇ ਵਿਰੋਧ ਵਿੱਚ ਜਾਰੀ ਜ਼ੋਰਦਾਰ ਰੋਸ ਵਿਖਾਵਿਆਂ ਨੂੰ ਕਾਬੂ ਕਰਨ ਲਈ ਕਰਫਿਊ ਲਾ ਦਿੱਤਾ ਗਿਆ ਹੈ। ਇਹ ਕਰਫਿਊ ਵਾਸ਼ਿੰਗਟਨ ਸਮੇਤ ਅਮਰੀਕਾ ਦੇ 40 ਸ਼ਹਿਰਾਂ ਵਿੱਚ ਲਾਇਆ ਗਿਆ ਹੈ, ਜਿਸ ਦੌਰਾਨ 5,000 ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ ਤੇ 2,000 ਵਾਧੂ ਗਾਰਡਾਂ ਦੀ ਵਿਵਸਥਾ ਵੀ ਕੀਤੀ ਗਈ ਹੈ।


ਕਈ ਥਾਈਂ ਰੋਸ ਵਿਖਾਵੇ ਹਿੰਸਕ ਹੋ ਗਏ ਹਨ। ਹੋਰ ਤਾਂ ਹੋਰ ਵ੍ਹਾਈਟ ਹਾਊਸ ਦੇ ਬਾਹਰ ਕੀਤਾ ਪ੍ਰਦਰਸ਼ਨ ਵੀ ਹਿੰਸਕ ਹੋ ਗਿਆ, ਜਿਸ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ। ਖ਼ਬਰਾਂ ਹਨ ਕਿ ਵਾਸ਼ਿੰਗਟਨ ਵਿੱਚ 200 ਸਾਲ ਪੁਰਾਣੇ ਸੇਂਟ ਜੌਨਸ ਐਪਿਸਕੋਪਲ ਚਰਚ ਦੇ ਭੋਰੇ ਵਿੱਚ ਅੱਗ ਲੱਗ ਗਈ ਹੈ। ਇਹ ਪ੍ਰਦਰਸ਼ਨ ਹੋਰ ਵੀ ਹਿੰਸਕ ਹੋਏ ਸਨ ਜਦ ਪੁਲਿਸ ਅਧਿਕਾਰੀ ਨੇ ਆਪਣੀ ਕਾਰ ਲੋਕਾਂ ਉੱਪਰ ਚਾੜ੍ਹਨ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਜ਼ੋਰਦਾਰ ਨਿਖੇਧੀ ਹੋ ਰਹੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਟਵਿੱਟਰ 'ਤੇ ਦੇਸ਼ ਭਰ ਦੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਪੁਲਿਸ ਕਾਰਵਾਈ ਲਈ ਆਖਿਆ ਹੈ। ਜਦਕਿ ਆਉਂਦੇ ਨਵੰਬਰ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋ ਬਿਡੇਨ ਨੇ ਆਪਣੇ ਜੱਦੀ ਹਲਕੇ ਵਿਲਮਿੰਗਟਨ, ਡੇਲਾਵੇਅਰ ਵਿੱਚ ਜਾਰੀ ਮੁਜ਼ਾਹਰਿਆਂ ਦਾ ਦੌਰਾ ਵੀ ਕੀਤਾ। ਖ਼ਬਰਾਂ ਹਨ ਕਿ ਰੋਸ ਵਿਖਾਵਾ ਕਰਨ ਵਾਲੇ 100 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜੌਰਜ ਫਲੌਇਡ ਨਾਂਅ ਦੇ ਕਾਲੀ ਚਮੜੀ ਵਾਲੇ ਵਿਅਕਤੀ ਦੀ ਪੁਲਿਸ ਹਿਰਾਸਤ ਵਿੱਚ ਇੱਕ ਅਫਸਰ ਹੱਥੋਂ ਮੌਤ ਹੋ ਗਈ ਸੀ। ਉਕਤ ਪੁਲਿਸ ਅਧਿਕਾਰੀ ਨੇ ਅੱਠ ਮਿੰਟਾਂ ਤਕ ਜੌਰਜ ਦੀ ਗਰਦਨ ਨੂੰ ਆਪਣੇ ਗੋਡੇ ਹੇਠਾਂ ਨੱਪੀ ਰੱਖਿਆ ਸੀ। ਇਸ ਦੌਰਾਨ ਜੌਰਜ ਨੇ ਵਾਰ-ਵਾਰ ਸਾਹ ਨਾ ਆਉਣ ਦੀ ਗੱਲ ਕਰਦਿਆਂ ਉਸ ਨੂੰ ਛੱਡਣ ਦੀ ਅਪੀਲ ਵੀ ਕੀਤੀ ਸੀ, ਪਰ ਉਹ ਅਫਸਰ ਨਾ ਟਲਿਆ ਅਤੇ ਜੌਰਜ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਵੀਡੀਓ ਵਿੱਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ। ਪੁਲਿਸ ਦੇ ਇਸ ਅਣਮਨੁੱਖੀ ਤੇ ਗ਼ੈਰ-ਪੇਸ਼ੇਵਰ ਵਤੀਰੇ ਤੋਂ ਲੋਕਾਂ ਅੰਦਰ ਕਾਫੀ ਰੋਸ ਹੈ।

ਇਹ ਵੀ ਪੜ੍ਹੋ: