ਵਾਸ਼ਿੰਗਟਨ: ਦੁਨੀਆਂ ਭਰ 'ਚ ਰਹਿ ਰਹੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਭਾਰਤ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਓਵਰਸੀਜ਼ ਸਿਟੀਜਨ ਆਫ਼ ਇੰਡੀਆ (ਓਸੀਆਈ) ਕਾਰਡ ਧਾਰਕਾਂ ਨੂੰ ਭਾਰਤ ਯਾਤਰਾ ਦੌਰਾਨ ਆਪਣਾ ਪੁਰਾਣਾ ਪਾਸਪੋਰਟ ਨਾਲ ਲਿਆਉਣ ਦੀ ਜ਼ਰੂਰਤ ਨਹੀਂ ਪਵੇਗੀ। ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਓਸੀਆਈ ਕਾਰਡ ਰੀਨਿਊ ਕਰਵਾਉਣ ਦੀ ਮਿਆਦ ਨੂੰ 31 ਦਸੰਬਰ 2021 ਤਕ ਵਧਾਉਣ ਦਾ ਫ਼ੈਸਲਾ ਕੀਤਾ ਹੈ।


ਭਾਰਤੀ ਅੰਬੈਸੀ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਦੱਸਿਆ ਕਿ ਓਸੀਆਈ ਕਾਰਡ ਨਾਲ ਪੁਰਾਣੇ ਪਾਸਪੋਰਟ ਨੂੰ ਰੱਖਣ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਘੋਸ਼ਣਾ ਨਾਲ ਵਿਦੇਸ਼ਾਂ 'ਚ ਵਸਦੇ ਭਾਰਤੀਆਂ ਦੀ ਇਕ ਵੱਡੀ ਚਿੰਤਾ ਦੂਰ ਹੋ ਗਈ ਹੈ। ਅੰਬੈਸੀ ਦਾ ਕਹਿਣਾ ਹੈ ਕਿ ਹੁਣ ਤੋਂ ਪੁਰਾਣੇ ਪਾਸਪੋਰਟ ਨੰਬਰ ਵਾਲੇ ਮੌਜੂਦਾ ਓਸੀਆਈ ਕਾਰਡ ਧਾਰਕਾਂ ਨੂੰ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ, ਪਰ ਨਵਾਂ (ਮੌਜੂਦਾ) ਪਾਸਪੋਰਟ ਨਾਲ ਰੱਖਣਾ ਲਾਜ਼ਮੀ ਹੋਵੇਗਾ।


ਭਾਰਤ ਸਰਕਾਰ ਨੇ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਵੱਧ ਉਮਰ ਦੇ ਕਾਰਡਧਾਰਕਾਂ ਲਈ ਓਸੀਆਈ ਕਾਰਡ ਦੁਬਾਰਾ ਜਾਰੀ ਕਰਨ ਦੀ ਆਖਰੀ ਮਿਤੀ 31 ਦਸੰਬਰ 2021 ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਸਾਲ 2005 ਤੋਂ ਲਾਗੂ ਓਸੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 20 ਸਾਲ ਤੋਂ ਘੱਟ ਤੇ 50 ਸਾਲ ਤੋਂ ਵੱਧ ਉਮਰ ਵਾਲੇ ਕਾਰਡ ਧਾਰਕਾਂ ਨੂੰ ਹਰ ਵਾਰ ਨਵਾਂ ਪਾਸਪੋਰਟ ਬਣਵਾਉਣ 'ਤੇ ਆਪਣਾ ਕਾਰਡ ਦੁਬਾਰਾ ਜਾਰੀ ਕਰਵਾਉਣਾ ਹੁੰਦਾ ਹੈ।


ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਦੀ ਮਿਆਦ ਕਈ ਵਾਰ ਵਧਾਈ ਹੈ, ਪਰ ਓਸੀਆਈ ਕਾਰਡ ਧਾਰਕਾਂ ਨੂੰ ਯਾਤਰਾ ਦੌਰਾਨ ਪੁਰਾਣਾ ਪਾਸਪੋਰਟ ਨਾਲ ਨਾ ਰੱਖਣ ਦੀ ਛੋਟ ਪਹਿਲੀ ਵਾਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Bike Care: ਜੇ ਤੁਹਾਡੀ ਬਾਈਕ ਨਹੀਂ ਦੇ ਰਹੀ ਵਧੀਆ ਮਾਈਲੇਜ ਤਾਂ ਅਪਣਾਓ ਇਹ ਟਿਪਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904