ਮਹਿਤਾਬ-ਉਦ-ਦੀਨ


ਚੰਡੀਗੜ੍ਹ: ਪਾਕਿਸਤਾਨ 'ਚ ਪਿਛਲੇ ਇੱਕ ਮਹੀਨੇ ਤੋਂ ਭੇਤਭਰੀ ਹਾਲਤ ’ਚ ਲਾਪਤਾ ਨੌਜਵਾਨ ਅਵਿਨਾਸ਼ ਸਿੰਘ ਦੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ ਮਿਲ ਸਕੀ। ਪੇਸ਼ਾਵਰ ਪੁਲਿਸ ਹਨ੍ਹੇਰੇ ’ਚ ਹੀ ਤੀਰ ਮਾਰਦੀ ਵਿਖਾਈ ਦੇ ਰਹੀ ਹੈ। ਅਵਿਨਾਸ਼ ਸਿੰਘ ਨੂੰ ਕਥਿਤ ਤੌਰ ਉੱਤੇ ਅਗ਼ਵਾ ਕੀਤਾ ਗਿਆ ਹੈ। ਇਸ ਕਾਰਨ ਪਾਕਿਸਤਾਨ ਦੀ ਸਿੱਖਾਂ ਵਿੱਚ ਵੱਡੇ ਪੱਧਰ ਉੱਤੇ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ। ਦੇਸ਼ ਦੇ ਪ੍ਰਮੁੱਖ ਸਿੱਖ ਰਹਿਨੁਮਾਵਾਂ ਨੇ ਅਵਿਨਾਸ਼ ਦੀ ਛੇਤੀ ਤੋਂ ਛੇਤੀ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ ਹੈ।


ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ ‘ਦ ਡਾਨ’ ਦੀ ਰਿਪੋਰਟ ਅਨੁਸਾਰ ਪੇਸ਼ਾਵਰ ਦੇ ਕਈ ਸਿੱਖ ਮੁਜ਼ਾਹਰਾਕਾਰੀਆਂ ਨੇ ਕੱਲ੍ਹ ਸਨਿੱਚਰਵਾਰ ਨੂੰ ਸ਼ਹਿਰ ਦੇ ਪ੍ਰੈੱਸ ਕਲੱਬ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚ ਬੀਬੀਆਂ ਤੇ ਬੱਚੇ ਵੀ ਸ਼ਾਮਲ ਸਨ।


ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਅਵਿਨਾਸ਼ ਸਿੰਘ ਇੱਕ ਮਹੀਨਾ ਪਹਿਲਾਂ ਗੁਲਬਰਗ ਇਲਾਕੇ ਤੋਂ ਭੇਤ ਭਰੀ ਹਾਲਤ ਵਿੱਚ ਲਾਪਤਾ ਹੋ ਗਏ ਸਨ। ਸਿੱਖ ਸਭਾ ਯੂਥ ਅਫ਼ੇਅਰਜ਼ ਨਾਂਅ ਦੀ ਜੱਥੇਬੰਦੀ ਦੇ ਪ੍ਰਤੀਨਿਧ ਪਰਵਿੰਦਰ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਬਹੁਤ ਪੜ੍ਹਿਆ-ਲਿਖਿਆ ਹੈ ਤੇ ਉਨ੍ਹਾਂ ਦੇ ਪਰਿਵਾਰ ਦੀ ਕਦੇ ਕਿਸੇ ਨਾਲ ਕੋਈ ਰੰਜਿਸ਼ ਜਾਂ ਦੁਸ਼ਮਣੀ ਵੀ ਨਹੀਂ ਰਹੀ।


ਅਵਿਨਾਸ਼ ਸਿੰਘ ਦੇ ਖੁਰਾ-ਖੋਜ ਦਾ ਪਤਾ ਲਾਉਣ ਲਈ ਹਰ ਸੰਭਵ ਜਤਨ ਕੀਤੇ ਜਾ ਚੁੱਕੇ ਹਨ। ਪਰਵਿੰਦਰ ਸਿੰਘ ਨੇ ਸੂਬਾ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਨਿਜੀ ਦਿਲਚਸਪੀ ਲੈ ਕੇ ਸਿੱਖ ਨੌਜਵਾਨ ਦੀ ਸਹੀ-ਸਲਾਮਤ ਘਰ ਵਾਪਸੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਸਿੱਖਾਂ ਨੂੰ ਅਗ਼ਵਾ ਕਰ ਕੇ ਉਨ੍ਹਾਂ ਦਾ ਕਤਲ ਕਰਨ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ ਪਰ ਅਗ਼ਵਾਕਾਰ ਕਾਤਲ ਕਦੇ ਵੀ ਫੜੇ ਨਹੀਂ ਜਾ ਸਕੇ।


ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਲੋਕ ਆਪਣੇ ਵੱਖੋ-ਵੱਖਰੇ ਨਿਜੀ ਕਾਰੋਬਾਰ ਕਰਦੇ ਹਨ ਤੇ ਉਨ੍ਹਾਂ ਕਦੇ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਰੱਖ ਪਰ ਫਿਰ ਵੀ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ: ਰੋਪੜ ਤੋਂ ਬਾਂਦਾ ਜੇਲ੍ਹ ਪਹੁੰਚਿਆ ਮੁਖਤਾਰ ਅੰਸਾਰੀ ਕੋਰੋਨਾ ਪੌਜ਼ੇਟਿਵ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904