IND vs AUS: ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਆਫ ਸਪਿਨਰ ਹਰਭਜਨ ਸਿੰਘ ਨੇ ਐਤਵਾਰ ਨੂੰ ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) ਵਿਖੇ ਭਾਰਤੀ ਟੀਮ ਦੇ ਖਿਡਾਰੀਆਂ 'ਤੇ ਕੀਤੀ ਗਈ ਨਸਲੀ ਟਿੱਪਣੀ ਦੀ ਅਲੋਚਨਾ ਕੀਤੀ। ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਮੁਹੰਮਦ ਸਿਰਾਜ ਖਿਲਾਫ ਦਰਸ਼ਕਾਂ ਦੁਆਰਾ ਨਸਲੀ ਟਿੱਪਣੀ ਕੀਤੀ ਗਈ।


ਹਰਭਜਨ ਨੇ ਕਿਹਾ ਕਿ ਉਸ ਨੇ ਆਸਟਰੇਲੀਆ ਵਿੱਚ ਖੇਡਦਿਆਂ ਆਪਣੇ ਧਰਮ ਤੇ ਰੰਗ ਬਾਰੇ ਕਈ ਗੱਲਾਂ ਸੁਣੀਆਂ ਹਨ। ਹਰਭਜਨ ਨੇ ਟਵੀਟ ਕੀਤਾ, “ਮੈਂ ਆਸਟਰੇਲੀਆ ਵਿੱਚ ਖੇਡਦਿਆਂ ਆਪਣੇ ਬਾਰੇ, ਆਪਣੇ ਧਰਮ, ਆਪਣੇ ਰੰਗ ਤੇ ਬਹੁਤ ਸਾਰੀਆਂ ਗੱਲਾਂ ਬਾਰੇ ਬਹੁਤ ਕੁਝ ਸੁਣਿਆ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਦਰਸ਼ਕਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੋਵੇ। ਤੁਸੀਂ ਉਨ੍ਹਾਂ ਨੂੰ ਕਿਵੇਂ ਰੋਕੋਗੇ?"


ਭਾਰਤੀ ਟੀਮ ਨੇ ਇਸ ਸਬੰਧ ਵਿਚ ਇਕ ਵਾਰ ਫਿਰ ਸ਼ਿਕਾਇਤ ਦਰਜ ਕਰਵਾਈ ਹੈ। ਮੈਚ ਦੇ ਚੌਥੇ ਦਿਨ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਮੈਚ ਨੂੰ ਕੁਝ ਦੇਰ ਲਈ ਰੋਕ ਦਿੱਤਾ ਗਿਆ। ਅੰਪਾਇਰਾਂ ਤੇ ਸੁਰੱਖਿਆ ਅਧਿਕਾਰੀਆਂ ਨੇ ਮਿਲ ਕੇ ਫੈਸਲਾ ਲਿਆ ਤੇ ਦਰਸ਼ਕਾਂ ਦੀ ਗੈਲਰੀ ਵਿੱਚ ਬੈਠੇ ਛੇ ਲੋਕਾਂ ਨੂੰ ਮੈਦਾਨ ਤੋਂ ਬਾਹਰ ਕੱਢ ਦਿੱਤਾ ਗਿਆ।




ਭਾਰਤ ਦੇ ਸਾਬਕਾ ਬੱਲੇਬਾਜ਼ ਵੀਵੀਐਸ ਲਕਸ਼ਮਣ ਨੇ ਵੀ ਇਸ ਦੀ ਅਲੋਚਨਾ ਕਰਦਿਆਂ ਟਵੀਟ ਕਰਦਿਆਂ ਕਿਹਾ, “ਐਸਸੀਜੀ ਵਿੱਚ ਜੋ ਹੋਇਆ ਉਹ ਕਾਫ਼ੀ ਮੰਦਭਾਗਾ ਹੈ। ਇਹ ਸਹਿਣਯੋਗ ਨਹੀਂ ਹੈ। ਮੈਦਾਨ ਵਿੱਚ ਖਿਡਾਰੀ ਨੂੰ ਗਾਲ ਕੱਢਣ ਦਾ ਮਤਲਬ ਅੱਜ ਤੱਕ ਸਮਝ ਨਹੀਂ ਆਇਆ ਜੇ ਤੁਸੀਂ ਇੱਥੇ ਮੈਚ ਦੇਖਣ ਨਹੀਂ ਆਏ ਹੋ ਤੇ ਸਨਮਾਨਜਨਕ ਵਿਵਹਾਰ ਨਹੀਂ ਕਰ ਸਕਦੇ ਹੋ ਤਾਂ ਕਿਰਪਾ ਕਰਕੇ ਮਾਹੌਲ ਖ਼ਰਾਬ ਕਰਨ ਨਾ ਆਓ।"


ਇਸ ਦੇ ਨਾਲ ਹੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੋਂ ਬਾਅਦ ਕਿਹਾ ਕਿ ਸਿਡਨੀ ਕ੍ਰਿਕਟ ਗਰਾਉਂਡ ਵਿਖੇ ਦਰਸ਼ਕਾਂ ਵੱਲੋਂ ਨਸਲੀ ਬਦਸਲੂਕੀ ਕਰਨੀ ਕੋਈ ਨਵੀਂ ਗੱਲ ਨਹੀਂ ਹੈ। ਭਾਰਤੀ ਖਿਡਾਰੀ ਪਹਿਲਾਂ ਵੀ ਸਿਡਨੀ ਵਿਚ ਨਸਲਵਾਦ ਦਾ ਸਾਹਮਣਾ ਕਰ ਚੁੱਕੇ ਹਨ ਤੇ ਇਸ ਨਾਲ ਜ਼ੋਰਦਾਰ ਢੰਗ ਨਾਲ ਨਜਿੱਠਣ ਦੀ ਲੋੜ ਹੈ। ਹਾਲਾਂਕਿ ਕ੍ਰਿਕਟ ਆਸਟਰੇਲੀਆ ਨੇ ਇਸ ਸਬੰਧ ਵਿਚ ਭਾਰਤ ਤੋਂ ਮੁਆਫੀ ਮੰਗੀ ਹੈ ਤੇ ਕਿਹਾ ਹੈ ਕਿ ਉਹ ਆਈਸੀਸੀ ਦੀ ਜਾਂਚ ਦਾ ਇੰਤਜ਼ਾਰ ਕਰ ਰਹੇ ਹਨ।