ਰੌਬਟ ਦੀ ਰਿਪੋਰਟ

ਚੰਡੀਗੜ੍ਹ/ਜਲੰਧਰ: ਜਲੰਧਰ ਵਿੱਚ ਐਤਵਾਰ ਨੂੰ ਤਣਾਅ ਪੂਰਨ ਸਥਿਤੀ ਬਣੀ ਹੋਈ ਹੈ। ਦਰਅਸਲ, ਭਾਜਪਾ ਤੇ ਕਾਂਗਰਸ ਇੱਕ ਦੂਜੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਭਾਜਪਾ ਦੇ ਵਰਕਰ ਅੱਜ ਕਾਨੂੰਨ ਵਿਵਸਥਾ ਨੂੰ ਲੈ ਕੇ ਜਲੰਧਰ ਦੇ ਕੰਪਨੀ ਬਾਗ ਵਿੱਚ ਪ੍ਰਦਰਸ਼ਨ ਕਰਨ ਵਾਲੇ ਹਨ ਪਰ ਇਸ ਦੌਰਾਨ ਕਾਂਗਰਸ ਦੇ ਵਰਕਰ ਵੀ ਭਾਜਪਾ ਖਿਲਾਫ ਪ੍ਰਦਰਸ਼ਨ ਕਰਨ ਪਹੁੰਚੇ ਜਿਨ੍ਹਾਂ ਨੂੰ ਪੁਲਿਸ ਨੇ ਸ਼ਾਸਤਰੀ ਨਗਰ ਮਾਰਕਿਟ ਚੌਂਕ 'ਚ ਹੀ ਰੋਕ ਲਿਆ। ਕਾਂਗਰਸੀ ਵਰਕਰਾਂ ਨੇ ਪੁਲਿਸ ਨਾਲ ਧੱਕਾ ਮੁੱਕੀ ਵੀ ਕੀਤੀ ਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਵੀ ਕੀਤੀ।ਉਧਰ, ਭਾਜਪਾ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੇ ਵੀ ਜ਼ੋਰਦਾਰ ਨਾਅਰੇਬਾਜ਼ੀ ਕਰ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਧਰਨਾ ਦੇ ਰਹੇ ਹਨ। ਇਸ ਦੌਰਾਨ ਪੰਜਾਬ 'ਚ ਭਾਜਪਾ ਦਾ ਜ਼ੋਰਦਾਰ ਵਿਰੋਧ ਵੀ ਹੋ ਰਿਹਾ ਹੈ। ਇਸ ਲਈ ਭਾਜਪਾ ਦਾ ਕਹਿਣਾ ਹੈ ਕਿ ਪੰਜਾਬ ਦੀ ਲਾਅ ਐਂਡ ਆਡਰ ਦੀ ਸਥਿਤੀ ਬੇਹੱਦ ਖਰਾਬ ਹੋ ਚੁੱਕੀ ਹੈ। ਇਸ ਦੇ ਚੱਲਦੇ ਉਨ੍ਹਾਂ ਅੱਜ ਲਾਅ ਐਂਡ ਆਡਰ ਸਬੰਧੀ ਧਰਨਾ ਦੇਣ ਲਈ ਤਿਆਰੀ ਕੀਤੀ ਹੋਈ ਹੈ।


ਦੱਸ ਦੇਈਏ ਕਿ ਭਾਜਪਾ ਤੇ ਕਾਂਗਰਸ ਦੇ ਪ੍ਰਦਰਸ਼ਨਾਂ ਦੇ ਸਮੇਂ ਵਿੱਚ ਸਿਰਫ ਅੱਧੇ ਘੰਟੇ ਦਾ ਅੰਤਰ ਹੈ। ਪ੍ਰਦਰਸ਼ਨ ਵਾਲੀ ਥਾਂ ਵੀ ਇੱਕ ਦੂਜੇ ਤੋਂ ਥੋੜ੍ਹੀ ਦੂਰੀ 'ਤੇ ਹੀ ਹੈ। ਅਜਿਹੀ ਸਥਿਤੀ ਵਿੱਚ, ਟੱਕਰਾਅ ਹੋਣ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰ ਦਿੱਤਾ ਹੈ। ਕੰਪਨੀ ਬਾਗ ਚੌਕ ਖੇਤਰ ਵਿੱਚ ਨਾਕਾਬੰਦੀ ਸਖ਼ਤ ਕਰ ਦਿੱਤੀ ਗਈ ਹੈ। ਸ਼ਹਿਰ ਦੇ ਕੰਪਨੀ ਬਾਗ ਚੌਕ ਖੇਤਰ ਨੂੰ ਸੁਰੱਖਿਆ ਦੇ ਮੱਦੇਨਜ਼ਰ ਸੀਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ, ਭਾਜਪਾ ਨੇ ਪ੍ਰਦਰਸ਼ਨ ਦੀ ਤਿਆਰੀ ਵੀ ਪੂਰੀ ਕਰ ਲਈ ਹੈ ਤੇ ਇੱਕ ਪਾਸੇ ਸੜਕ ਬੰਦ ਕਰਕੇ ਸਟੇਜ ਨੂੰ ਸਜਾ ਲਿਆ ਹੈ। ਇਸ ਮੁਜ਼ਾਹਰੇ ਵਿੱਚ ਪੰਜਾਬ ਦੇ ਭਾਜਪਾ ਮੁੱਖੀ ਅਸ਼ਵਨੀ ਸ਼ਰਮਾ ਸਣੇ ਭਾਜਪਾ ਦੀ ਪੂਰੀ ਟੀਮ ਹਾਜ਼ਰ ਹੋਵੇਗੀ।

ਉਧਰ, ਕਾਂਗਰਸ ਵੀ ਕਿਸਾਨਾਂ ਦੇ ਸਮਰਥਨ ਵਿੱਚ ਭਾਜਪਾ ਖਿਲਾਫ ਪ੍ਰੈਸ ਕਲੱਬ ਚੌਕ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਕਾਂਗਰਸ ਦੇ ਪ੍ਰਦਰਸ਼ਨ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਦੋਵਾਂ ਧਿਰਾਂ ਦੇ ਵਰਕਰਾਂ ਵਿਚ ਕੋਈ ਟਕਰਾਅ ਨਾ ਹੋਵੇ।