ਨਵੀਂ ਦਿੱਲੀ: ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨ ਟੀਮ 5ਵੀਂ ਵਾਰ ਆਈਪੀਐਲ ਦਾ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ। ਰਿਕਾਰਡ ਜਿੱਤ ਨਾਲ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦਾ ਕਪਤਾਨ ਬਣਾਉਣ ਦੀ ਮੰਗ ਵਧ ਗਈ ਹੈ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਕਿਹਾ ਹੈ ਕਿ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦੀ ਟੀ 20 ਟੀਮ ਦਾ ਕਪਤਾਨ ਬਣਾਇਆ ਜਾਣਾ ਚਾਹੀਦਾ ਹੈ। ਉਸ ਨੇ 2013, 2015, 2017 ਤੇ 2019 ਵਿੱਚ ਆਈਪੀਐਲ ਖ਼ਿਤਾਬ ਜਿੱਤੇ ਹਨ ਤੇ ਰੋਹਿਤ ਦੀ ਕਪਤਾਨੀ ਵਿੱਚ ਸਾਰੇ ਪੰਜ ਖਿਤਾਬ ਜਿੱਤੇ ਹਨ।




ਵੌਨ ਨੇ ਟਵਿੱਟਰ 'ਤੇ ਕਿਹਾ, "ਰੋਹਿਤ ਸ਼ਰਮਾ ਨੂੰ ਬਿਨਾਂ ਕਿਸੇ ਸਵਾਲ ਦੇ ਭਾਰਤ ਦੀ ਟੀ-20 ਟੀਮ ਦਾ ਕਪਤਾਨ ਹੋਣਾ ਚਾਹੀਦਾ ਹੈ। ਉਹ ਇੱਕ ਸ਼ਾਨਦਾਰ ਕਪਤਾਨ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਟੀ-20 ਮੈਚ ਕਿਸ ਤਰ੍ਹਾਂ ਜਿੱਤਣਾ ਹੈ। ਖਿਡਾਰੀਆਂ ਨੂੰ ਸੁਤੰਤਰ ਰੂਪ ਨਾਲ ਖੇਡਣ ਦਾ ਮੌਕਾ ਮਿਲੇਗਾ। ਰੋਹਿਤ ਭਾਰਤ 'ਚ ਟੀ-20 ਫਾਰਮੈਟ ਦਾ ਸਰਬੋਤਮ ਕਪਤਾਨ ਹੈ। ਤੁਸੀਂ ਦੇਖੋਗੇ ਕਿ ਦੁਨੀਆ ਦੇ ਕਈ ਦੇਸ਼ਾਂ 'ਚ ਖਿਡਾਰੀ ਵੱਖ-ਵੱਖ ਫਾਰਮੈਟਾਂ ਦੀ ਕਪਤਾਨੀ ਕਰਦੇ ਹਨ।”




ਵਾਨ ਤੋਂ ਪਹਿਲਾਂ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਰੋਹਿਤ ਨੂੰ ਭਾਰਤੀ ਕ੍ਰਿਕਟ ਟੀਮ ਦਾ ਸੀਮਤ ਓਵਰਾਂ ਦਾ ਕਪਤਾਨ ਬਣਾਉਣ ਦੀ ਵਕਾਲਤ ਕੀਤੀ ਹੈ। ਗੰਭੀਰ ਦਾ ਮੰਨਣਾ ਹੈ ਕਿ ਜੇ ਆਉਣ ਵਾਲੇ ਦਿਨਾਂ 'ਚ ਰੋਹਿਤ ਸ਼ਰਮਾ ਨੂੰ ਭਾਰਤੀ ਕ੍ਰਿਕਟ ਟੀਮ ਦੇ ਸੀਮਤ ਓਵਰਾਂ ਦਾ ਕਪਤਾਨ ਨਹੀਂ ਬਣਾਇਆ ਗਿਆ ਤਾਂ ਇਹ ਸ਼ਰਮ ਦੀ ਗੱਲ ਹੋਵੇਗੀ ਅਤੇ ਇਹ ਭਾਰਤੀ ਕ੍ਰਿਕਟ ਦੇ ਨੁਕਸਾਨ ਦਾ ਕਾਰਨ ਬਣੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ