
Bikram Majithia ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, Sucha Singh Langah ਨੂੰ ਸੌਂਪੀ ਕਮਾਨ
Bikram Majithia ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, Sucha Singh Langah ਨੂੰ ਸੌਂਪੀ ਕਮਾਨ
ਮਾਝੇ ਦਾ ਜਰਨੈਲ ਮੰਨੇ ਜਾਂਦੇ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਖਿਲਾਫ ਆਵਾਜ਼ ਬੁਲੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਵੱਡਾ ਧਮਾਕਾ ਕੀਤਾ ਹੈ। ਮਜੀਠੀਆ ਦੇ ਇਸ ਫੈਸਲੇ ਦੇ ਹੱਕ ਵਿੱਚ ਵੱਡੀ ਗਿਣਤੀ ਅਕਾਲੀ ਲੀਡਰ ਆ ਖੜ੍ਹੇ ਹੋਏ ਹਨ। ਇਸ ਮਗਰੋਂ ਬਾਦਲ ਧੜੇ ਨੇ ਮਜੀਠੀਆ ਸਣੇ ਬਾਗੀ ਸੁਰਾਂ ਵਾਲੇ ਲੀਡਰਾਂ ਖਿਲਾਫ ਸਖਤ ਐਕਸ਼ਨ ਲੈਣ ਦੀ ਧਮਕੀ ਦਿੰਦਿਆਂ ਮਾਝੇ ਅੰਦਰ ਨਵਾਂ ਦਾਅ ਖੇਡਿਆ ਹੈ।
ਬਾਦਲ ਧੜੇ ਨੇ ਮਜੀਠੀਆ ਨੂੰ ਸਬਕ ਸਿਖਾਉਣ ਲਈ ਵਿਵਾਦਾਂ ਕਰਕੇ ਕਈ ਸਾਲਾਂ ਤੋਂ ਸਿਆਸੀ ਹਾਸ਼ੀਏ 'ਤੇ ਚੱਲ ਰਹੇ ਸੀਨੀਅਰ ਲੀਡਰ ਸੁੱਚਾ ਸਿੰਘ ਲੰਗਾਹ ਨੂੰ ਥਾਪੜਾ ਦੇ ਦਿੱਤਾ ਹੈ। ਤਖਤ ਸ਼੍ਰੀ ਕੇਸਗੜ੍ਹ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਦਸਤਾਰਬੰਦੀ ਮੌਕੇ ਲੰਗਾਹ ਨੇ ਹੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਮੋਰਚਾ ਸੰਭਾਲਿਆ। ਉਹ ਹੀ ਮੀਡੀਆ ਨੂੰ ਮੁਖਾਤਿਬ ਹੋਏ ਤੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਬਚਾਅ ਕੀਤਾ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਇਸ ਦਾ ਸਭ ਤੋਂ ਵੱਡਾ ਅਸਰ ਮਾਝੇ ਵਿੱਚ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਦੇ ਫੈਸਲੇ ਦਾ ਬਿਕਰਮ ਮਜੀਠੀਆ ਵੱਲੋਂ ਵਿਰੋਧ ਕਰਨ ਤੋਂ ਬਾਅਦ ਮਾਝੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਫੁੱਟ ਦੇ ਕੰਢੇ 'ਤੇ ਪਹੁੰਚ ਗਿਆ ਹੈ। ਮਜੀਠੀਆ ਦੇ ਹੱਕ ਵਿੱਚ ਵੱਡੀ ਗਿਣਤੀ ਲੀਡਰ ਆਣ ਖੜ੍ਹੇ ਹਨ। ਤਾਜ਼ਾ ਹਾਲਾਤ ਨੂੰ ਵੇਖਦਿਆਂ ਬਾਦਲ ਧੜੇ ਨੇ ਲੰਗਾਹ ਨੂੰ ਮੈਦਾਨ ਵਿੱਚ ਉਤਾਰਿਆ ਹੈ।