Panchayat Election: ਬੀਡੀਪੀਓ ਦੀ ਸਾਬਕਾ ਫੌਜੀ ਨਾਲ ਤਕਰਾਰ, ਕੱਢੀਆਂ ਗਾਲ੍ਹਾਂ, ਨੋਟਿਸ ਜਾਰੀ
Panchayat Election: ਬੀਡੀਪੀਓ ਦੀ ਸਾਬਕਾ ਫੌਜੀ ਨਾਲ ਤਕਰਾਰ, ਕੱਢੀਆਂ ਗਾਲ੍ਹਾਂ, ਨੋਟਿਸ ਜਾਰੀ
ਬੀਡੀਪੀਓ ਦੀ ਸਾਬਕਾ ਫੌਜੀ ਨਾਲ ਤਕਰਾਰ, ਬੀਡੀਪੀਓ ਨੇ ਕੱਢੀਆਂ ਗਾਲ੍ਹਾਂ, ਨੋਟਿਸ ਜਾਰੀ
ਪੰਚਾਇਤ ਚੋਣਾਂ ਸਬੰਧੀ ਐੱਨਓਸੀ ਦੇਣ ’ਚ ਹੋਈ ਦੇਰੀ ਨੂੰ ਲੈ ਕੇ ਬੀਡੀਪੀਓ ਦਫਤਰ ਭੁਨਰਹੇੜੀ ’ਚ ਤਲਖੀ ਦੀ ਘਟਨਾ ਸਬੰਧੀ ਵੀਡੀਓ ਵਾਇਰਲ ਹੋਣ ਕਰਕੇ ਭਾਰੀ ਚਰਚਾ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ। ਜਦਕਿ ਜਾਂਚ ਅਧਿਕਾਰੀ ਏਡੀਸੀ ਅਨੁਪ੍ਰਿ੍ਰਯਤਾ ਕੌਰ ਜੌਹਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀਡੀਪੀਓ ਨੂੰ ਨੋਟਿਸ ਜਾਰੀ ਕਰ ਕੇ ਦੋ ਦਿਨਾਂ ’ਚ ਇਸ ਘਟਨਾ ਬਾਰੇ ਜਵਾਬ ਮੰਗਿਆ ਹੈ। ਭੁੱਨਰਹੇੜੀ ਬਲਾਕ ਦੇ ਪਿੰਡ ਜਲਵੇੜ੍ਹਾ ਵਾਸੀ ਹਰਦੀਪ ਸਿੰਘ ਵਿਰਕ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਸਰਪੰਚ ਲਈ ਉਮੀਦਵਾਰ ਹੈ। ਇਸ ਤਹਿਤ ਹੀ ਉਸ ਨੇ 28 ਸਤੰਬਰ ਨੂੰ ਐੱਨਓਸੀ ਲੈਣ ਲਈ ਅਪਲਾਈ ਕੀਤਾ ਸੀ ਪਰ ਜਦੋਂ 30 ਸਤੰਬਰ ਨੂੰ ਪੰਜ ਵਜੇ ਤੱਕ ਵੀ ਉਸ ਨੂੰ ਇਹ ਸਰਟੀਫਿਕੇਟ ਦਿੱਤੇ ਬਗੈਰ ਸਬੰਧਤ ਕਮਰੇ ਦੀ ਖਿੜਕੀ ਬੰਦ ਕਰ ਦਿੱਤੀ ਗਈ ਤਾਂ ਉਸ ਨੇ ਬੀਡੀਪੀਓ ਤੱਕ ਪਹੁੰਚ ਕਰਨੀ ਚਾਹੀ। ਉਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਜਦੋਂ ਉਸ ਨੂੰ ਅੱਗੇ ਨਾ ਜਾਣ ਦਿੱਤਾ ਤਾਂ ਉਸ ਨੇ ਇਹੀ ਗੱਲ ਉੱਚੀ ਆਵਾਜ਼ ’ਚ ਆਖੀ ਤਾਂ ਜੋ ਬੀਡੀਪੀਓ ਨੂੰ ਸੁਣ ਜਾਵੇ। ਇਸ ਦੌਰਾਨ ਹੀ ਬੀਡੀਪੀਓ ਮਹਿੰਦਰਜੀਤ ਸਿੰਘ ਤਲਖੀ ਖਾ ਗਏ ਤੇ ਉਸ ਨਾਲ ਦੁਰਵਿਹਾਰ ਕਰਨ ਲੱਗੇ।
ਏਡੀਸੀ ਅਨੁਪ੍ਰੀਤ ਕੌਰ ਜੌਹਲ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਸੌਂਪੀ ਗਈ ਜਾਂਚ ਤਹਿਤ ਉਨ੍ਹਾਂ ਨੇ ਘਟਨਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਬੀਡੀਪੀਓ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਜਵਾਬ ਆਉਣ ਮਗਰੋਂ ਹੀ ਕੋਈ ਅਗਲੀ ਕਾਰਵਾਈ ਕੀਤੀ ਜਾਵੇਗੀ।