ਸੋਨੇ ਦੀਆਂ ਕੀਮਤਾਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ, ਜਿਸ ਨਾਲ ਡਿਮਾਂਡ 'ਤੇ ਬੁਰਾ ਅਸਰ ਪੈ ਰਿਹਾ ਹੈ।



ਇਸ ਕਾਰਨ ਸੋਨੇ 'ਤੇ ਦਰਾਮਦ ਡਿਊਟੀ ਘਟਾਉਣ ਦੀ ਮੰਗ ਕੀਤੀ ਜਾ ਰਹੀ ਹੈ।



ਪਿਛਲੇ ਕੁਝ ਦਿਨਾਂ 'ਚ ਥੋੜੀ ਨਰਮੀ ਆਉਣ ਤੋਂ ਬਾਅਦ ਕੀਮਤਾਂ ਇਕ ਵਾਰ ਫਿਰ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਹੁਣ ਇਕ ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ।



ਇਸ ਹਫਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਕਰੀਬ 2 ਫੀਸਦੀ ਮਹਿੰਗਾ ਹੋ ਗਿਆ ਹੈ। ਸ਼ੁੱਕਰਵਾਰ ਨੂੰ ਸਪਾਟ ਸੋਨਾ 2,411 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ, ਜੋ ਇਕ ਮਹੀਨੇ 'ਚ ਇਸ ਦਾ ਸਭ ਤੋਂ ਉੱਚਾ ਪੱਧਰ ਹੈ।



ਸੋਨੇ ਦੀ ਕੀਮਤ ਜੋ ਇਸ ਸਾਲ ਦੀ ਸ਼ੁਰੂਆਤ 'ਚ 63,870 ਰੁਪਏ ਸੀ, ਹੁਣ ਇਹ 73 ਹਜ਼ਾਰ ਰੁਪਏ ਨੂੰ ਪਾਰ ਕਰ ਗਈ ਹੈ।



ਬਾਜ਼ਾਰ 'ਚ ਸੋਨੇ ਦੀ ਮੰਗ ਡਿੱਗਣ ਕਾਰਨ ਜਿਊਲਰੀ ਇੰਡਸਟਰੀ ਪਰੇਸ਼ਾਨ ਹੈ ਅਤੇ ਬਜਟ 'ਚ ਸਰਕਾਰ ਦੇ ਦਖਲ ਦੀ ਮੰਗ ਕਰ ਰਿਹਾ ਹੈ।



ਜਿਊਲਰੀ ਇੰਡਸਟਰੀ ਦੀ ਮੰਗ ਹੈ ਕਿ ਸਰਕਾਰ ਸੋਨੇ 'ਤੇ ਦਰਾਮਦ ਡਿਊਟੀ 15 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰੇ।



ਇਸ ਦੇ ਨਾਲ ਹੀ ਇੰਡਸਟਰੀ ਦੇ ਕੁਝ ਲੋਕ ਡਿਊਟੀ ਘਟਾ ਕੇ 4 ਫੀਸਦੀ ਕਰਨ ਦੀ ਮੰਗ ਕਰ ਰਹੇ ਹਨ।



ਜੀਜੇਈਪੀਸੀ ਦੇ ਹਵਾਲੇ ਨਾਲ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਸੋਨੇ 'ਤੇ ਦਰਾਮਦ ਡਿਊਟੀ ਨੂੰ 15 ਫੀਸਦੀ ਤੋਂ ਘਟਾ ਕੇ 4 ਫੀਸਦੀ ਕਰਨ ਦੀ ਮੰਗ ਕੀਤੀ ਗਈ ਹੈ।



ਜੇਕਰ ਸਰਕਾਰ ਬਜਟ 2024 'ਚ ਇੰਡਸਟਰੀ ਦੀ ਇਸ ਮੰਗ ਨੂੰ ਮੰਨ ਲੈਂਦੀ ਹੈ ਤਾਂ ਮੰਗ ਵਧਣ ਦੀ ਉਮੀਦ ਹੈ। ਕਸਟਮ ਡਿਊਟੀ 'ਚ ਕਟੌਤੀ ਦਾ ਘਰੇਲੂ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਤੇ ਸਿੱਧਾ ਅਸਰ ਪਵੇਗਾ ਅਤੇ ਸੋਨਾ ਖਰੀਦਣਾ ਸਸਤਾ ਹੋ ਜਾਵੇਗਾ।