ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਅੱਜ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਇਸ ਜੋੜੀ ਨੇ ਆਪਣੇ ਹਾਸੇ-ਮਜ਼ਾਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਅੱਜ ਦੋਵਾਂ ਦੇ ਵਿਆਹ ਦੀ ਵਰ੍ਹੇਗੰਢ ਹੈ। ਇਸ ਖਾਸ ਮੌਕੇ 'ਤੇ ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਸ ਜੋੜੇ ਨੇ 11 ਸਾਲ ਤੱਕ ਡੇਟ ਕਰਨ ਤੋਂ ਬਾਅਦ ਇਕ ਦੂਜੇ ਨਾਲ ਵਿਆਹ ਕਰਵਾਇਆ। ਭਾਰਤੀ ਅਤੇ ਹਰਸ਼ ਪਹਿਲੀ ਵਾਰ ਕਾਮੇਡੀ ਸਰਕਸ ਸ਼ੋਅ ਦੌਰਾਨ ਮਿਲੇ ਸਨ। ਉਸ ਸਮੇਂ ਭਾਰਤੀ ਸ਼ੋਅ 'ਚ ਪ੍ਰਤੀਯੋਗੀ ਦੇ ਤੌਰ 'ਤੇ ਆਈ ਸੀ ਜਦਕਿ ਹਰਸ਼ ਸਕ੍ਰਿਪਟ ਰਾਈਟਰ ਸੀ। ਉਸ ਦੌਰਾਨ ਕਾਮੇਡੀ ਸਰਕਸ ਦੇ ਸ਼ੋਅ ਵਿੱਚ ਕਈ ਪ੍ਰਤੀਯੋਗੀ ਹਰਸ਼ ਦੀ ਸਕ੍ਰਿਪਟ ਕਾਰਨ ਸ਼ੋਅ ਤੋਂ ਬਾਹਰ ਹੋ ਗਏ ਸਨ, ਇਸੇ ਤਰ੍ਹਾਂ ਇੱਕ ਦਿਨ ਹਰਸ਼ ਨੇ ਭਾਰਤੀ ਸਿੰਘ ਲਈ ਇੱਕ ਸਕ੍ਰਿਪਟ ਵੀ ਲਿਖੀ ਅਤੇ ਉਹ ਵੀ ਇਸ ਨੂੰ ਪੜ੍ਹ ਕੇ ਸ਼ੋਅ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ ਭਾਰਤੀ ਸਿੰਘ ਨੇ ਫਿਰ ਤੋਂ ਸ਼ੋਅ 'ਚ ਵਾਈਲਡ ਕਾਰਡ ਐਂਟਰੀ ਕੀਤੀ ਸੀ ਅਤੇ ਭਾਰਤੀ ਨੇ ਫਿਰ ਤੋਂ ਹਰਸ਼ ਨੂੰ ਆਪਣਾ ਸਕ੍ਰਿਪਟ ਰਾਈਟਰ ਚੁਣਿਆ ਸੀ। ਇਸ ਦੇ ਨਾਲ ਹੀ ਭਾਰਤੀ ਇਸ ਸ਼ੋਅ ਦੀ ਵਿਨਰ ਵੀ ਬਣ ਗਈ ਸੀ। ਖਬਰਾਂ ਮੁਤਾਬਕ ਇਸ ਸ਼ੋਅ ਦੌਰਾਨ ਹੀ ਭਾਰਤੀ ਅਤੇ ਹਰਸ਼ ਦੀ ਦੋਸਤੀ ਹੋ ਗਈ ਸੀ ਅਤੇ ਦੋਹਾਂ ਵਿਚਾਲੇ ਨੇੜਤਾ ਵਧ ਗਈ ਸੀ। 1 ਸਾਲ ਤੱਕ ਦੋਸਤੀ ਬਣਾਈ ਰੱਖਣ ਤੋਂ ਬਾਅਦ ਹਰਸ਼ ਨੇ ਭਾਰਤੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ।