Punjabi singer Kamal Khan Controversy: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰਨ ਵਾਲੇ ਗਾਇਕ ਕਮਲ ਖਾਨ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਦੀ ਗਾਇਕੀ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਮਲ ਖਾਨ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਇਸਦੀ ਵਜ੍ਹਾ ਗਾਇਕ ਦਾ ਕੋਈ ਗੀਤ ਨਹੀਂ, ਸਗੋਂ ਵਿਵਾਦਿਤ ਮਾਮਲਾ ਹੈ। ਆਖਿਰ ਇਹ ਮਾਮਲਾ ਕੀ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ... ਦਰਅਸਲ, ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਪੰਜਾਬੀ ਗਾਇਕ ਕਮਲ ਖਾਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਟੰਡਨ ਨੇ ਦੋਸ਼ ਲਗਾਉਂਦੇ ਹੋਏ ਕਿ ਕਮਲ ਖਾਨ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਭਜਨ ਦੌਰਾਨ ਲੜਕੀਆਂ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਸ ਕਾਰਨ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ। ਦੈਨਿਕ ਭਾਸਕਰ ਦੀ ਖਬਰ ਮੁਤਾਬਕ ਰਾਜੀਵ ਟੰਡਨ ਨੇ ਕਿਹਾ ਕਿ ਜਾਗਰਣ ਦੌਰਾਨ ਕਮਲ ਖਾਨ ਨੇ ਧੀਆਂ ਬਾਰੇ ਗਲਤ ਸ਼ਬਦਾਵਲੀ ਵਰਤੀ ਹੈ, ਜਿਸ ਨੂੰ ਸੁਣਨਾ ਵੀ ਪਾਪ ਹੈ। ਉਹ ਇਸ ਦੀ ਸਖ਼ਤ ਨਿੰਦਾ ਕਰਦੇ ਹਨ। ਜਾਗਰਣ ਵਿੱਚ ਗਾਉਂਦੇ ਹੋਏ ਕਮਲ ਖਾਨ ਨੇ ਤਾੜੀਆਂ ਵਜਾਉਣ ਦੀ ਬਜਾਏ ਧੀਆਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕਿ ਕਮਨ ਖਾਨ ਦੀ ਮਾਨਸਿਕਤਾ ਉਸ ਦੀ ਧੀਆਂ ਪ੍ਰਤੀ ਕਿਹੋ ਜਿਹੀ ਹੈ। ਹਿੰਦੂ ਨੇਤਾ ਭਾਨੂ ਪ੍ਰਤਾਪ ਨੇ ਕਿਹਾ ਕਿ ਸ਼ਿਵ ਸੈਨਾ ਚੁੱਪ ਰਹਿਣ ਵਾਲੀ ਨਹੀਂ ਹੈ। ਗਾਇਕ ਕਮਾਲ ਖਾਨ ਜਿੱਥੇ ਵੀ ਕੋਈ ਧਾਰਮਿਕ ਸਮਾਗਮ ਕਰਨ ਜਾਵੇਗਾ, ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਅੱਜ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਉਸਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਜੇਕਰ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਹਿੰਦੂ ਸਮਾਜ ਸੰਘਰਸ਼ ਕਰੇਗਾ। ਸ਼ਿਵ ਸੈਨਾ ਨੇ ਖਾਨ 'ਤੇ ਇਲਜ਼ਾਮ ਲਗਾਇਆ ਕਿ ਬਾਅਦ 'ਚ ਉਸ ਨੇ ਇਸ ਗੀਤ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ ਕਿਉਂਕਿ ਇਹ ਵਾਇਰਲ ਹੋ ਗਿਆ ਸੀ।