ਕੋਹਲੀ ਨੇ ਲੰਬੇ ਇੰਤਜ਼ਾਰ ਤੋਂ 81ਵਾਂ ਅੰਤਰਰਾਸ਼ਟਰੀ ਸੈਂਕੜਾ ਜੜਿਆ ਜਿਸ ਦਾ ਉਸ ਦੇ ਚਾਹੁਣ ਵਾਲੇ ਇੰਤਜ਼ਾਰ ਕਰ ਰਹੇ ਸਨ। ਕੋਹਲੀ ਦਾ ਟੈਸਟ 'ਚ ਇਹ 30ਵਾਂ ਸੈਂਕੜਾ ਸੀ। ਆਖਰੀ ਸੈਂਕੜਾ ਜੁਲਾਈ 2023 'ਚ ਵੈਸਟਇੰਡੀਜ਼ ਖਿਲਾਫ ਟੈਸਟ 'ਚ ਲਗਾਇਆ ਸੀ। ਦੱਸ ਦਈਏ ਕਿ ਵਿਰਾਟ ਕੋਹਲੀ ਨੇ ਪਰਥ ਟੈਸਟ 'ਚ ਸੈਂਕੜਾ ਜੜ ਕੇ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਕੋਹਲੀ ਬਾਰਡਰ-ਗਾਵਸਕਰ ਟਰਾਫੀ ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ 9 ਸੈਂਕੜੇ ਲਗਾਉਣ ਵਾਲਾ ਖਿਡਾਰੀ ਬਣ ਗਿਆ ਹੈ। ਸਚਿਨ ਨੇ 65 ਪਾਰੀਆਂ 'ਚ 9 ਸੈਂਕੜੇ ਲਗਾਏ ਸਨ। ਵਿਰਾਟ ਕੋਹਲੀ ਨੇ ਇੱਕ ਹੋਰ ਮਾਮਲੇ 'ਚ ਸਚਿਨ ਨੂੰ ਪਿੱਛੇ ਛੱਡ ਦਿੱਤਾ ਹੈ। ਉਸ ਨੇ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ 7 ਟੈਸਟ ਸੈਂਕੜੇ ਲਗਾਏ ਹਨ। ਜਦੋਂ ਕਿ ਸਚਿਨ ਨੇ ਆਸਟ੍ਰੇਲੀਆ ਵਿੱਚ ਆਪਣੇ ਕਰੀਅਰ ਦੌਰਾਨ 6 ਸੈਂਕੜੇ ਲਗਾਏ ਸਨ। ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 81 ਸੈਂਕੜੇ ਲਗਾਏ ਹਨ। ਉਹ ਕ੍ਰਿਕਟ ਇਤਿਹਾਸ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਸਭ ਤੋਂ ਤੇਜ਼ ਖਿਡਾਰੀ ਹੈ। ਮੌਜੂਦਾ ਦੌਰ 'ਚ ਉਸ ਦੇ ਨਾਂਅ ਸਭ ਤੋਂ ਜ਼ਿਆਦਾ ਸੈਂਕੜੇ ਹਨ। ਉਸ ਤੋਂ ਬਾਅਦ 51 ਸੈਂਕੜੇ ਦੇ ਨਾਲ ਜੋ ਰੂਟ ਦਾ ਨਾਂ ਹੈ।