ਗਲੋਬਲ ਸਟਾਰ ਦਿਲਜੀਤ ਦੋਸਾਂਝ ਲਈ ਅੱਜ ਦਾ ਦਿਨ ਬੇਹੱਦ ਸਪੈਸ਼ਲ ਹੈ। ਦਿਲਜੀਤ ਦੋਸਾਂਝ ਅੱਜ ਯਾਨਿ 6 ਜਨਵਰੀ ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਦਿਲਜੀਤ ਨੇ ਆਪਣੇ ਜਨਮਦਿਨ ਦੇ ਮੌਕੇ ਫੈਨਜ਼ ਨੂੰ ਬੇਹੱਦ ਖਾਸ ਤੋਹਫਾ ਦਿੱਤਾ ਹੈ। ਗਾਇਕ ਨੇ ਆਪਣਾ ਨਵਾਂ ਗਾਣਾ 'ਲਵ ਯਾ' ਰਿਲੀਜ਼ ਕਰ ਦਿੱਤਾ ਹੈ। ਇਹ ਗਾਣਾ ਬੇਹੱਦ ਰੋਮਾਂਟਿਕ ਹੈ। ਇਸ ਗਾਣੇ 'ਚ ਦੋਸਾਂਝਵਾਲਾ ਮਸ਼ਹੂਰ ਟੀਵੀ ਤੇ ਫਿਲਮ ਅਭਿਨੇਤਰੀ ਮੌਨੀ ਰਾਏ ਨਾਲ ਰੋਮਾਂਸ ਕਰਦੇ ਨਜ਼ਰ ਆ ਰਿਹਾ ਹੈ। ਇਸ ਗਾਣੇ ਨੂੰ ਖੂਬ ਪਿਆਰ ਮਿਲ ਰਿਹਾ ਹੈ। ਦਿਲਜੀਤ ਨੇ ਇਸ ਗਾਣੇ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਲਓ ਜੀ ਬਰਥਡੇਅ ਗਿਫਟ, ਲਵ ਯਾ। ਇਹ ਵੀ ਪੱਕਾ ਹੋ ਗਿਆ ਹੁਣ ਟਰਾਈ ਕਰੂੰਗਾ ਹਰ ਸਾਲ ਤੁਹਾਨੂੰ ਗਿਫਟ ਮਿਲਦਾ ਰਹੇ। ਜਦੋਂ ਤੱਕ ਰੱਬ ਨੇ ਚਾਹਿਆ। ਗਾਣੇ ਦਾ ਪੂਰਾ ਵੀਡੀਓ ਯੂਟਿਊਬ 'ਤੇ।' ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਲਈ ਸਾਲ 2023 ਕਾਫੀ ਵਧੀਆ ਰਿਹਾ ਸੀ। ਉਨ੍ਹਾਂ ਨੇ ਅਪ੍ਰੈਲ 2023 'ਚ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰ ਇਤਿਹਾਸ ਰਚਿਆ ਸੀ। ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਗਾਇਕ ਦੀਆਂ ਦੋ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਹ ਫਿਲਮਾਂ ਹਨ 'ਜੱਟ ਐਂਟ ਜੂਲੀਅਟ 3', ਜਿਸ ਵਿੱਚ ਦਿਲਜੀਤ ਨੀਰੂ ਬਾਜਵਾ ਨਾਲ ਇਸ਼ਕ ਫਰਮਾਉਂਦੇ ਨਜ਼ਰ ਆਉਣਗੇ। ਦੂਜੀ ਫਿਲਮ ਹੈ 'ਰੰਨਾਂ 'ਚ ਧੰਨਾ', ਜਿਸ ਵਿੱਚ ਉਹ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਦੋਵੇਂ ਹੀ ਫਿਲਮਾਂ ਇਸੇ ਸਾਲ ਯਾਨਿ 2024 'ਚ ਹੀ ਰਿਲੀਜ਼ ਹੋਣ ਜਾ ਰਹੀਆ ਹਨ।