ਸ਼ਰਾਬ ਦੇ ਕੁਝ ਸਿਹਤ ਲਾਭਾਂ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਅਧਿਐਨ ਹਨ, ਜੋ ਸ਼ਰਾਬ ਪੀਣ ਲਈ ਉਤਸ਼ਾਹਿਤ ਕਰਦੇ ਹਨ।



ਇਨ੍ਹਾਂ ਅਧਿਐਨ ਦਾ ਹਵਾਲਾ ਦੇ ਕੇ ਬਹੁਤ ਸਾਰੇ ਲੋਕ ਦਿਨ ਦੀ ਥਕਾਵਟ ਨੂੰ ਦੂਰ ਕਰਨ ਲਈ ਡੇਲੀ ਸ਼ਾਮ ਨੂੰ ਪੈੱਗ ਲਾ ਹੀ ਲੈਂਦੇ ਹਨ ਹਾਲਾਂਕਿ, ਅਲਕੋਹਲ ਦੇ ਇਨ੍ਹਾਂ ਲਾਭਾਂ ਤੋਂ ਨੁਕਸਾਨਦੇਹ ਪ੍ਰਭਾਵ ਕਿਤੇ ਵੱਧ ਹਨ।



ਖੋਜਕਰਤਾਵਾਂ ਨੇ ਤਾਜ਼ਾ ਖੋਜ ਕੀਤੀ ਹੈ ਕਿ ਮੱਧਮ ਮਾਤਰਾ ਵਿੱਚ ਅਲਕੋਹਲ ਦਾ ਸੇਵਨ ਮੌਤ ਤੋਂ ਬਚਾਉਣ ਵਿੱਚ ਮਦਦ ਨਹੀਂ ਕਰਦਾ।



ਇਸ ਤੋਂ ਇਲਾਵਾ, ਸੀਡੀਸੀ ਦੇ ਅਨੁਸਾਰ, ਰੋਜ਼ਾਨਾ ਥੋੜ੍ਹੀ ਮਾਤਰਾ ਵਿੱਚ ਵੀ ਅਲਕੋਹਲ ਦਾ ਸੇਵਨ ਕਰਨ ਨਾਲ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰੋਜ਼ਾਨਾ ਸ਼ਰਾਬ ਪੀਣ ਨਾਲ ਸਰੀਰ ਅੰਦਰ ਕੀ ਪ੍ਰਭਾਵ ਪੈਂਦਾ ਹੈ।



ਸ਼ਰਾਬ ਦੇ ਨਿਯਮਤ ਸੇਵਨ ਨਾਲ ਸਰੀਰ ਦੇ ਅੰਦਰ ਜ਼ਹਿਰੀਲੇ ਪਦਾਰਥਾਂ ਦਾ ਵਾਧਾ ਹੋ ਸਕਦਾ ਹੈ। ਇਹ ਅੰਤ ਵਿੱਚ ਸਰੀਰ ਦੇ ਅੰਗਾਂ ਤੇ ਉਨ੍ਹਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦਾ ਹੈ।



ਸ਼ਰਾਬ ਦੇ ਤੱਤ ਅਲਕੋਹਲ ਜਿਗਰ ਵਿੱਚ ਲੀਨ ਹੁੰਦੇ ਹਨ। ਜੇਕਰ ਇਸ ਦਾ ਸੇਵਨ ਜ਼ਿਆਦਾ ਹੁੰਦਾ ਹੈ, ਤਾਂ ਜਿਗਰ 'ਤੇ ਬੋਝ ਪੈ ਸਕਦਾ ਹੈ ਤੇ ਜਿਗਰ ਦੀਆਂ ਬਿਮਾਰੀਆਂ ਜਿਵੇਂ ਕਿ ਸਿਰੋਸਿਸ ਜਾਂ ਜਿਗਰ ਦੀ ਲਾਗ ਹੋਣ ਦਾ ਖ਼ਤਰਾ ਵਧ ਸਕਦਾ ਹੈ।



ਸ਼ਰਾਬ ਦੇ ਸੇਵਨ ਨਾਲ ਮਾਨਸਿਕ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਹ ਮਨੋਰੋਗ, ਉਦਾਸੀ, ਤਣਾਅ, ਅਸੰਤੁਲਨ ਤੇ ਚਿੰਤਾ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।



ਸ਼ਰਾਬ ਦਾ ਜ਼ਿਆਦਾ ਸੇਵਨ ਦਿਲ ਲਈ ਖਤਰਨਾਕ ਹੋ ਸਕਦਾ ਹੈ। ਇਹ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਤੇ ਕੋਰੋਨਰੀ ਦਿਲ ਦੀਆਂ ਸਮੱਸਿਆਵਾਂ ਲਈ ਇੱਕ ਪ੍ਰਮੁੱਖ ਕਾਰਕ ਬਣ ਸਕਦਾ ਹੈ।



ਸ਼ਰਾਬ ਦਾ ਨਿਯਮਤ ਸੇਵਨ ਪਾਚਨ ਸਬੰਧੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ, ਜਿਵੇਂ ਕਿ ਬਦਹਜ਼ਮੀ, ਐਸੀਡਿਟੀ ਤੇ ਦਿਲ ਵਿੱਚ ਜਲਨ ਜਾਂ ਉਲਟੀਆਂ ਆਦਿ।



ਸ਼ਰਾਬ ਵਿੱਚ ਮੌਜੂਦ ਕੈਲੋਰੀਜ਼ ਕਾਰਨ, ਨਿਯਮਤ ਸੇਵਨ ਨਾਲ ਭਾਰ ਵਧ ਸਕਦਾ ਹੈ। ਵਿਟਾਮਿਨਾਂ ਤੇ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਇਹ ਇਮਿਊਨ ਸਿਸਟਮ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।