ਹਾਲ ਹੀ 'ਚ ਬ੍ਰਿਟੇਨ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਬਰੂਸੈਲਾ ਕੈਨਿਸ ਨਾਮ ਦੀ ਬਿਮਾਰੀ, ਜੋ ਆਮ ਤੌਰ 'ਤੇ ਕੁੱਤਿਆਂ ਨੂੰ ਸੰਕਰਮਿਤ ਕਰਦੀ ਹੈ, ਮਨੁੱਖਾਂ ਵਿੱਚ ਵੀ ਪਾਈ ਗਈ ਹੈ।



ਬਰੂਸੈਲਾ ਕੈਨਿਸ, ਇੱਕ ਬੈਕਟੀਰੀਆ ਦੀ ਲਾਗ ਹੈ। ਇਹ ਆਮ ਤੌਰ 'ਤੇ ਉਨ੍ਹਾਂ ਕੁੱਤਿਆਂ ਵਿੱਚ ਪਾਈ ਜਾਂਦੀ ਹੈ ਜੋ ਪੂਰਬੀ ਯੂਰਪ ਤੋਂ ਆਯਾਤ ਕੀਤੇ ਜਾਂਦੇ ਹਨ। ਕੁੱਤਿਆਂ ਵਿੱਚ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ।



ਡਾਕਟਰਾਂ ਮੁਤਾਬਕ ਕੁਝ ਮਾਮਲਿਆਂ ਵਿੱਚ ਰੋਗ ਦਾ ਇਲਾਜ ਰੋਗਾਣੂਨਾਸ਼ਕਾਂ ਨਾਲ ਕੀਤਾ ਜਾਂਦਾ ਹੈ, ਪਰ ਕੁੱਤੇ ਫਿਰ ਵੀ ਸੰਕਰਮਿਤ ਰਹਿੰਦੇ ਹਨ।



ਹੁਣ ਤੱਕ ਇਹ ਬਿਮਾਰੀ ਕੁੱਤਿਆਂ ਵਿੱਚ ਪਾਈ ਜਾਂਦੀ ਸੀ ਪਰ ਹਾਲ ਹੀ ਵਿੱਚ ਮਨੁੱਖਾਂ ਵਿੱਚ ਵੀ ਇਸ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ।



ਇਸ ਬੈਕਟੀਰੀਆ ਨਾਲ ਸੰਕਰਮਿਤ ਕੁੱਤਿਆਂ ਵਿੱਚ ਤੁਰਨ-ਫਿਰਨ ਵਿੱਚ ਮੁਸ਼ਕਲ, ਬਾਂਝਪਨ, ਥਕਾਵਟ, ਪਿੱਠ ਦਰਦ ਤੇ ਬੇਚੈਨੀ ਵਰਗੀਆਂ ਸਮੱਸਿਆਵਾਂ ਦੇਖੀਆਂ ਜਾ ਸਕਦੀਆਂ ਹਨ।



ਇਹ ਲਾਗ ਸੰਕਰਮਿਤ ਕੁੱਤਿਆਂ ਦੇ ਮਲ, ਪਿਸ਼ਾਬ, ਲਾਰ, ਉਲਟੀ, ਖੂਨ ਜਾਂ ਪ੍ਰਜਨਨ ਤਰਲ ਨੂੰ ਛੂਹਣ ਨਾਲ ਫੈਲ ਸਕਦੀ ਹੈ। ਜੇਕਰ ਤੁਸੀਂ ਵੀ ਕਿਸੇ ਸੰਕਰਮਿਤ ਕੁੱਤੇ ਦੇ ਸੰਪਰਕ ਵਿੱਚ ਆਉਂਦੇ ਹੋ, ਤਾਂ ਤੁਹਾਡੇ ਸੰਕਰਮਿਤ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।



ਇਸ ਲਾਗ ਦੇ ਲੱਛਣ- ਬੁਖ਼ਾਰ,ਸਿਰ ਦਰਦ,ਥਕਾਵਟ,ਸਰੀਰ ਦਾ ਦਰਦ,ਭੁੱਖ ਦੀ ਕਮੀ,ਭਾਰ ਘਟਣਾ,ਕਮਜ਼ੋਰੀ



ਇਹ ਸੰਭਵ ਹੈ ਕਿ ਇਹ ਲਾਗ ਲੱਗਣ ਦੇ ਨਾਲ ਹੀ ਤੁਹਾਨੂੰ ਲੱਛਣ ਨਜ਼ਰ ਨਾ ਆਉਣ। ਹਾਂ ਕੁਝ ਸਮੇਂ ਬਾਅਦ ਇਸ ਦੇ ਲੱਛਣ ਦਿਖਾਈ ਦੇ ਸਕਦੇ ਹਨ। ਇਸ ਦੇ ਲੱਛਣ ਆਮ ਫਲੂ ਦੇ ਸਮਾਨ ਹੁੰਦੇ ਹਨ, ਇਸ ਲਈ ਜੇਕਰ ਤੁਹਾਨੂੰ ਕੋਈ ਲੱਛਣ ਨਜ਼ਰ ਆਉਣ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।



ਸੰਕਰਮਿਤ ਕੁੱਤੇ ਦੇ ਸਰੀਰ ਦੇ ਤਰਲ ਪਦਾਰਥਾਂ ਨੂੰ ਛੂਹਣ ਤੋਂ ਬਚੋ ਜਿਵੇਂ ਉਲਟੀ, ਮਲ, ਪਿਸ਼ਾਬ, ਖੂਨ, ਵੀਰਜ, ਪਲੈਸੈਂਟਾ, ਆਦਿ।



ਡਿਸਪੋਸੇਬਲ ਦਸਤਾਨੇ ਦੀ ਵਰਤੋਂ ਕਰਕੇ ਹਮੇਸ਼ਾ ਆਪਣੇ ਕੁੱਤੇ ਦੇ ਮਲ ਨੂੰ ਸਾਫ਼ ਕਰੋ। ਆਪਣੇ ਘਰ ਨੂੰ ਕੀਟਾਣੂਨਾਸ਼ਕ ਨਾਲ ਚੰਗੀ ਤਰ੍ਹਾਂ ਸਾਫ਼ ਕਰੋ। ਘਰ ਦੇ ਅੰਦਰ ਤੇ ਆਲੇ-ਦੁਆਲੇ ਦੀ ਸਫਾਈ ਬਣਾਈ ਰੱਖੋ।ਆਪਣੇ ਕੁੱਤੇ ਨੂੰ ਛੂਹਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਨਾ ਭੁੱਲੋ।