ਇਕ ਅਧਿਐਨ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਹਾਰਟ ਅਟੈਕ ਦੇ ਮਾਮਲੇ ਵਿਚ ਔਰਤ ਤੇ ਮਰਦ ਦਾ ਸਰੀਰਕ ਪ੍ਰਤੀਕਰਮ ਅਲੱਗ ਅਲੱਗ ਹੈ। ਇਹ ਜ਼ਰੂਰੀ ਨਹੀਂ ਕਿ ਹਾਰਟ ਅਟੈਕ ਦੇ ਜੋ ਲੱਛਣ ਮਰਦ ਲਈ ਹਨ, ਉਹੀ ਔਰਤ ਲਈ ਵੀ ਹੋਣ। ਆਓ ਤੁਹਾਨੂੰ ਦੱਸੀਏ ਕਿ ਔਰਤਾਂ ਤੇ ਮਰਦਾਂ ਵਿਚ ਹਾਰਟ ਅਟੈਕ ਦੇ ਲੱਛਣ ਕੀ ਹਨ ਤੇ ਹਾਰਟ ਅਟੈਕ ਦੇ ਕੁਝ ਇਕ ਮੁੱਖ ਕਾਰਨ ਕੀ ਹਨ - ਹਾਰਟ ਅਟੈਕ ਯਾਨੀ ਦਿਲ ਦਾ ਦੌਰਾ ਇਕ ਗੰਭੀਰ ਸਮੱਸਿਆ ਹੈ। ਇਸ ਵਿਚ ਬਚਣ ਦੀ ਉਮੀਦ ਬਹੁਤ ਘੱਟ ਹੁੰਦੀ ਹੈ। ਇਕ ਆਮ ਪੁਰਸ਼ ਦੇ ਸੰਬੰਧ ਵਿਚ ਗੱਲ ਕਰੀਏ ਤਾਂ ਛਾਤੀ ਵਿਚ ਦਰਦ, ਸੀਨੇ ਵਿਚ ਬੇਚੈਨੀ ਜਾਂ ਦਬਾਅ ਮਹਿਸੂਸ ਹੋਣਾ ਅਤੇ ਸਰੀਰ ਵਿਚ ਦਰਦ ਹੋਣ ਨੂੰ ਹਾਰਟ ਅਟੈਕ ਦੇ ਆਮ ਲੱਛਣ ਗਿਣਿਆ ਜਾਂਦਾ ਹੈ। ਸੀਨੇ ਵਿਚ ਦਰਦ ਹੋਣ ਨੂੰ ਹਾਰਟ ਅਟੈਕ ਦਾ ਗੰਭੀਰ ਲੱਛਣ ਮੰਨਿਆ ਜਾਂਦਾ ਹੈ। ਔਰਤਾਂ ਦੇ ਮਾਮਲੇ ਵਿਚ ਸਿਹਤ ਮਾਹਿਰ ਦੱਸਦੇ ਹਨ ਕਿ ਉਲਟੀ ਜਾਂ ਮਤਲੀ, ਸਾਹ ਲੈਣ ਵਿਚ ਤਕਲੀਫ, ਪਿੱਠ ਜਾਂ ਜਬਾੜੇ ਵਿਚ ਦਰਦ ਨੂੰ ਹਾਰਟ ਅਟੈਕ ਦੇ ਲੱਛਣ ਮੰਨਿਆ ਜਾਂਦਾ ਹੈ। ਇਸ ਤੋਂ ਸਿਵਾ ਚੱਕਰ ਆਉਣਾ, ਪੇਟ ਦੇ ਉਤਲੇ ਹਿੱਸੇ ਵਿਚ ਦਰਦ ਜਾਂ ਛਾਤੀ ਵਿਚ ਦਰਦ ਅਤੇ ਬਹੁਤ ਜ਼ਿਆਦਾ ਥਕਾਨ ਹੋਣਾ ਵੀ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ। ਔਰਤਾਂ ਨੂੰ ਹਾਰਟ ਅਟੈਕ ਆਉਣ ਦਾ ਇਕ ਅਹਿਮ ਕਾਰਨ ਗਰਭ ਨਿਰੋਧਕ ਗੋਲੀਆਂ ਨੂੰ ਵੀ ਸਮਝਿਆ ਜਾਂਦਾ ਹੈ।