ਛਾਤੀ ਵਿੱਚ ਦਰਦ ਹੋਣਾ ਇੱਕ ਗੰਭੀਰ ਲੱਛਣ ਹੋ ਸਕਦਾ ਹੈ। ਕਈ ਵਾਰ ਇਹ ਗੈਸ ਕਰਕੇ ਹੁੰਦਾ ਹੈ, ਪਰ ਕਈ ਵਾਰ ਇਹ ਦਿਲ ਦੇ ਦੌਰੇ ਦਾ ਸੰਕੇਤ ਵੀ ਹੋ ਸਕਦਾ ਹੈ।

ਲੋਕ ਅਕਸਰ ਇਸਨੂੰ ਗੈਸ ਸਮਝ ਕੇ ਅਣਡਿੱਠਾ ਕਰ ਜਾਂਦੇ ਹਨ, ਪਰ ਗੈਸ ਅਤੇ ਦਿਲ ਦੇ ਦੌਰੇ ਦੇ ਦਰਦ ਵਿੱਚ ਫਰਕ ਹੁੰਦਾ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਕਦੋਂ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਗੈਸ ਦਾ ਦਰਦ ਅਕਸਰ ਪੇਟ ਜਾਂ ਛਾਤੀ ਵਿਚ ਤਿੱਖਾ ਜਾਂ ਭਾਰੀ ਲੱਗਦਾ ਹੈ।

ਇਹ ਪੇਟ 'ਚ ਫਸੀ ਹਵਾ ਕਰਕੇ ਹੁੰਦਾ ਹੈ ਅਤੇ ਡਕਾਰ, ਪੇਟ ਫੁੱਲਣਾ ਜਾਂ ਜਲਣ ਵਰਗੇ ਲੱਛਣ ਹੋ ਸਕਦੇ ਹਨ।

ਕਈ ਵਾਰੀ ਇਹ ਦਰਦ ਖੱਬੇ ਪਾਸੇ ਹੋ ਕੇ ਦਿਲ ਦੇ ਦਰਦ ਵਰਗਾ ਲੱਗਦਾ ਹੈ। ਪਰ ਇਹ ਆਮ ਤੌਰ 'ਤੇ ਹਲਕਾ ਹੁੰਦਾ ਹੈ ਅਤੇ ਕੁਝ ਸਮੇਂ ਬਾਅਦ ਠੀਕ ਹੋ ਜਾਂਦਾ ਹੈ।

ਹਲਕਾ ਭੋਜਨ ਖਾਣ, ਪੋਜ਼ੀਸ਼ਨ ਬਦਲਣ ਜਾਂ ਡਕਾਰ ਮਾਰਨ ਨਾਲ ਅਰਾਮ ਮਿਲ ਸਕਦਾ ਹੈ।

ਦਿਲ ਦੇ ਦੌਰੇ ਦੌਰਾਨ ਛਾਤੀ 'ਚ ਭਾਰੀਪਨ, ਦਬਾਅ ਜਾਂ ਜਕੜਨ ਮਹਿਸੂਸ ਹੁੰਦਾ ਹੈ।

ਦਰਦ ਖੱਬੇ ਬਾਂਹ, ਜਬਾੜੇ, ਪਿੱਠ ਜਾਂ ਮੋਢੇ ਤੱਕ ਵੀ ਫੈਲ ਸਕਦਾ ਹੈ। ਇਸ ਦੌਰਾਨ ਸਾਹ ਚੜ੍ਹਦੀ ਹੈ, ਪਸੀਨਾ ਆਉਂਦਾ ਹੈ, ਮਤਲੀ ਜਾਂ ਚੱਕਰ ਵੀ ਆ ਸਕਦੇ ਹਨ।

ਇਹ ਦਰਦ ਲਗਾਤਾਰ ਹੁੰਦਾ ਹੈ ਅਤੇ ਆਰਾਮ ਕਰਨ ਜਾਂ ਪੋਜ਼ੀਸ਼ਨ ਬਦਲਣ ਨਾਲ ਘਟਦਾ ਨਹੀਂ। ਜੇਕਰ ਇਹ ਲੱਛਣ ਹੋਣ, ਤਾਂ ਤੁਰੰਤ ਡਾਕਟਰੀ ਮਦਦ ਲੈਣੀ ਚਾਹੀਦੀ ਹੈ, ਕਿਉਂਕਿ ਸਮੇਂ ਸਿਰ ਇਲਾਜ ਨਾਲ ਜਾਨ ਬਚਾਈ ਜਾ ਸਕਦੀ ਹੈ।

ਜੇ ਛਾਤੀ 'ਚ ਦਰਦ ਹੋਵੇ ਅਤੇ ਨਾਲ ਹੀ ਦਰਦ ਖੱਬੇ ਹੱਥ, ਜਬਾੜੇ, ਪਿੱਠ ਜਾਂ ਮੋਢੇ ਤੱਕ ਫੈਲਣ ਲੱਗੇ, ਸਾਹ ਲੈਣ ਵਿੱਚ ਦਿੱਕਤ ਆਵੇ, ਪਸੀਨਾ ਆਵੇ, ਚੱਕਰ ਜਾਂ ਉਲਟੀ ਆਵੇ, ਜਾਂ ਦਰਦ 10 ਮਿੰਟ ਤੋਂ ਵੱਧ ਰਹੇ, ਤਾਂ ਇਹ ਦਿਲ ਦੇ ਦੌਰੇ ਦਾ ਇਸ਼ਾਰਾ ਹੋ ਸਕਦਾ ਹੈ।

ਅਜਿਹੀ ਹਾਲਤ ਵਿੱਚ ਤੁਰੰਤ ਡਾਕਟਰ ਜਾਂ ਐਮਰਜੈਂਸੀ ਨਾਲ ਸੰਪਰਕ ਕਰੋ।