ਦਹੀਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ12 ਅਤੇ ਪ੍ਰੋਬਾਇਓਟਿਕਸ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਗਰਮੀਆਂ ਦੇ ਵਿੱਚ ਦਹੀਂ ਦਾ ਸੇਵਨ ਸਿਹਤ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਸਿਹਤਮੰਦ ਰਹਿਣਾ ਕਾਫ਼ੀ ਚੁਣੌਤੀਪੂਰਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਰੋਜ਼ਾਨਾ ਦਹੀਂ ਦਾ ਸੇਵਨ ਕਰਨਾ ਤੁਹਾਡੀ ਸਿਹਤ ਦਾ ਧਿਆਨ ਰੱਖਣ ਦਾ ਇੱਕ ਆਸਾਨ ਅਤੇ ਲਾਭਕਾਰੀ ਤਰੀਕਾ ਹੈ। ਦਹੀਂ ਵਿੱਚ ਪਾਏ ਜਾਣ ਵਾਲੇ ਪ੍ਰੋਬਾਇਓਟਿਕਸ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਦਾ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਦਹੀਂ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ ਅਤੇ ਗੈਰ-ਸਿਹਤਮੰਦ ਭੋਜਨ ਦੀ ਲਾਲਸਾ ਨੂੰ ਘਟਾਉਂਦੇ ਹੋ। ਇੰਝ ਇਹ ਭਾਰ ਘਟਾਉਣ ਦੇ ਵਿੱਚ ਮਦਦ ਕਰਦੀ ਹੈ। ਦਹੀਂ ਕੈਲਸ਼ੀਅਮ ਤੇ ਫਾਸਫੋਰਸ ਦਾ ਭਰਪੂਰ ਸਰੋਤ ਹੈ। ਇਹ ਦੋਵੇਂ ਖਣਿਜ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਦਹੀਂ 'ਚ ਮੌਜੂਦ ਪ੍ਰੋਬਾਇਓਟਿਕਸ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਨਾਲ ਹੀ, ਦਹੀਂ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜਿਸਦਾ ਮਤਲਬ ਹੈ ਕਿ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਨਹੀਂ ਵਧਾਉਂਦਾ। ਦਹੀਂ ਵਿੱਚ ਮੌਜੂਦ ਪ੍ਰੋਬਾਇਓਟਿਕਸ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ। ਇਹ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।