ਜੈਤੂਨ ਦਾ ਤੇਲ ਭੋਜਨ ਦੇ ਸੁਆਦ ਨੂੰ ਵਧਾਉਣ ਤੋਂ ਲੈ ਕੇ ਤੁਹਾਡੀ ਚਮੜੀ ਨੂੰ ਚਮਕਦਾਰ ਬਣਾਉਣ ਤੱਕ ਹਰ ਚੀਜ਼ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜੈਤੂਨ ਨੂੰ ਅੰਗਰੇਜ਼ੀ ਵਿੱਚ ਓਲੀਵ ਕਿਹਾ ਜਾਂਦਾ ਹੈ। ਜੈਤੂਨ ਦੋ ਰੰਗਾਂ ਵਿੱਚ ਪਾਇਆ ਜਾਂਦਾ ਹੈ - ਹਰਾ ਅਤੇ ਕਾਲਾ। ਜੈਤੂਨ ਦਾ ਫਲ ਬੇਸ਼ੱਕ ਸਵਾਦ 'ਚ ਅਜੀਬ ਹੁੰਦਾ ਹੈ ਪਰ ਇਹ ਸਿਹਤ ਨੂੰ ਕਈ ਅਦਭੁਤ ਫਾਇਦੇ ਪ੍ਰਦਾਨ ਕਰਦਾ ਹੈ। ਹਰੇ ਜੈਤੂਨ ਵਿੱਚ ਮੌਜੂਦ ਔਸ਼ਧੀ ਗੁਣਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਵਿਟਾਮਿਨ-ਈ, ਵਿਟਾਮਿਨ ਕੇ, ਆਇਰਨ, ਓਮੇਗਾ-3 ਫੈਟੀ ਐਸਿਡ, ਮੈਗਨੀਸ਼ੀਅਮ, ਕਾਪਰ, ਸੋਡੀਅਮ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਹਰੇ ਜੈਤੂਨ ਦਾ ਸੇਵਨ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ 'ਚ ਮੌਜੂਦ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਮੋਟਾਪੇ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦਾ ਹੈ। ਇਹ ਫੈਟੀ ਐਸਿਡ ਚੰਗੇ ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾ ਕੇ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦੇ ਹਨ। ਹਰੇ ਜੈਤੂਨ ਦੇ ਨਿਯਮਤ ਸੇਵਨ ਨਾਲ ਵਧਦੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹਰੇ ਜੈਤੂਨ ਦਾ ਨਿਯਮਤ ਸੇਵਨ ਪਾਚਨ ਤੰਤਰ ਨੂੰ ਸੁਧਾਰਦਾ ਹੈ। ਹਰੇ ਜੈਤੂਨ ਵਿੱਚ ਮੌਜੂਦ ਪ੍ਰੋਬਾਇਓਟਿਕ ਗੁਣ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਬਲੋਟਿੰਗ, ਬਦਹਜ਼ਮੀ ਅਤੇ ਗੈਸ ਤੋਂ ਰਾਹਤ ਦਿੰਦੇ ਹਨ। ਹਰੇ ਜੈਤੂਨ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਪੋਲੀਫੇਨੌਲ ਓਸਟੀਓਬਲਾਸਟ ਦੀ ਗਿਣਤੀ ਨੂੰ ਵਧਾਉਣ ਦਾ ਕੰਮ ਕਰਦੇ ਹਨ। ਜੋ ਹੱਡੀਆਂ ਦੀ ਚੰਗੀ ਸਿਹਤ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹਰੇ ਜੈਤੂਨ 'ਚ ਮੌਜੂਦ ਐਂਟੀਆਕਸੀਡੈਂਟ ਵੀ ਹੱਡੀਆਂ ਦੇ ਨੁਕਸਾਨ ਨੂੰ ਰੋਕਣ 'ਚ ਮਦਦ ਕਰ ਸਕਦੇ ਹਨ।