ਪਿਆਜ਼ ਹਰ ਭਾਰਤੀ ਰਸੋਈ ਦਾ ਮੁੱਖ ਹਿੱਸਾ ਹੈ। ਪਰ ਜਦੋਂ ਇਸ ‘ਤੇ ਕਾਲੇ ਦਾਗ ਦਿਖਾਈ ਦਿੰਦੇ ਹਨ, ਤਾਂ ਸਵਾਲ ਉੱਠਦਾ ਹੈ ਕਿ ਕੀ ਇਹ ਖਾਣ ਲਾਇਕ ਹੈ।

ਮਾਹਿਰਾਂ ਮੁਤਾਬਕ, ਇਹ ਦਾਗ ਅਕਸਰ ਫਫੂੰਦੀ ਕਾਰਨ ਹੁੰਦੇ ਹਨ, ਜੋ ਗਰਮ ਤੇ ਨਮੀ ਵਾਲੇ ਮਾਹੌਲ ਵਿੱਚ ਪੈਦਾ ਹੁੰਦੀ ਹੈ। ਇਸਨੂੰ Aspergillus niger ਫੰਗਸ ਕਿਹਾ ਜਾਂਦਾ ਹੈ, ਜੋ ਪਿਆਜ਼ ਦੀ ਬਾਹਰੀ ਪਰਤ ‘ਤੇ ਕਾਲੇ ਜਾਂ ਭੂਰੇ ਨਿਸ਼ਾਨ ਬਣਾਉਂਦੀ ਹੈ।

ਕਾਲੇ ਦਾਗਾਂ ਵਾਲਾ ਪਿਆਜ਼ ਖਾਣ ਲਈ ਸੁਰੱਖਿਅਤ ਨਹੀਂ ਹੁੰਦਾ। ਇਹ ਦਾਗ ਫਫੂੰਦੀ ਕਾਰਨ ਬਣਦੇ ਹਨ, ਜੋ ਮਾਇਕੋਟੌਕਸਿਨ ਨਾਮ ਦਾ ਜ਼ਹਿਰੀਲਾ ਤੱਤ ਤਿਆਰ ਕਰਦੀ ਹੈ।

ਇਸ ਨਾਲ ਐਲਰਜੀ, ਸਾਂਹ ਦੀ ਤਕਲੀਫ਼ ਤੇ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਭਾਵੇਂ ਤੁਸੀਂ ਖਰਾਬ ਹਿੱਸਾ ਕੱਟ ਦਿਉ, ਪਰ ਫਫੂੰਦੀ ਦੇ ਕਣ ਅੰਦਰ ਤੱਕ ਪਹੁੰਚ ਸਕਦੇ ਹਨ।

ਹਰ ਕਾਲਾ ਦਾਗ ਫਫੂੰਦੀ ਨਹੀਂ ਹੁੰਦਾ। ਕਈ ਵਾਰ ਮਿੱਟੀ ਜਾਂ ਧੂੜ ਚਿਪਕਣ ਕਰਕੇ ਵੀ ਪਿਆਜ਼ ‘ਤੇ ਕਾਲੇ ਨਿਸ਼ਾਨ ਦਿਖਾਈ ਦੇ ਸਕਦੇ ਹਨ। ਜੇ ਇਹ ਦਾਗ ਪੋਂਛੇ ਜਾਂ ਧੋਏ ਜਾਣ ਨਾਲ ਹਟ ਜਾਣ, ਪਿਆਜ਼ ਸਖ਼ਤ ਹੋਵੇ ਅਤੇ ਕੋਈ ਗੰਧ ਨਾ ਹੋਵੇ, ਤਾਂ ਇਸਨੂੰ ਧੋ ਕੇ ਤੇ ਪਕਾ ਕੇ ਖਾ ਸਕਦੇ ਹੋ।

ਪਿਆਜ਼ ‘ਤੇ ਫਫੂੰਦੀ ਨਾ ਲੱਗੇ, ਇਸ ਲਈ ਇਸਨੂੰ ਹਮੇਸ਼ਾ ਠੰਡੀ, ਸੁੱਕੀ, ਧੁੱਪ ਤੋਂ ਦੂਰ ਅਤੇ ਹਵਾ ਵਾਲੀ ਥਾਂ ‘ਤੇ ਰੱਖੋ।

ਪਿਆਜ਼ ਨੂੰ ਕਦੇ ਵੀ ਪਲਾਸਟਿਕ ਦੇ ਥੈਲੇ ਵਿੱਚ ਨਾ ਰੱਖੋ, ਕਿਉਂਕਿ ਇਸ ਨਾਲ ਉਸ ਦੀ ਨਮੀ ਅੰਦਰ ਹੀ ਫਸ ਜਾਂਦੀ ਹੈ ਅਤੇ ਪਿਆਜ਼ ਜਲਦੀ ਖਰਾਬ ਹੋਣ ਲੱਗਦਾ ਹੈ।

ਜੇ ਪਿਆਜ਼ ‘ਤੇ ਕਾਲੇ ਨਿਸ਼ਾਨ ਫਫੂੰਦੀ ਵਰਗੇ ਦਿਖਾਈ ਦੇ ਰਹੇ ਹੋਣ, ਜਾਂ ਪਿਆਜ਼ ਨਰਮ, ਨਮੀ ਵਾਲਾ ਜਾਂ ਬਦਬੂਦਾਰ ਲੱਗ ਰਿਹਾ ਹੋਵੇ, ਤਾਂ ਇਸਨੂੰ ਫੈਂਕ ਦੇਣਾ ਹੀ ਸਭ ਤੋਂ ਵਧੀਆ ਵਿਕਲਪ ਹੈ।

ਪਰ ਜੇ ਨਿਸ਼ਾਨ ਸਿਰਫ ਮਿੱਟੀ ਜਾਂ ਧੂੜ ਦੇ ਹੋਣ ਅਤੇ ਪਿਆਜ਼ ਅੰਦਰੋਂ ਠੀਕ ਹੋਵੇ, ਤਾਂ ਇਸਨੂੰ ਚੰਗੀ ਤਰ੍ਹਾਂ ਧੋ ਕੇ ਅਤੇ ਸਾਫ਼ ਕਰਕੇ ਆਰਾਮ ਨਾਲ ਵਰਤਿਆ ਜਾ ਸਕਦਾ ਹੈ। ਆਖ਼ਰਕਾਰ, ਸਿਹਤ ਇੱਕ ਪਿਆਜ਼ ਨਾਲੋਂ ਕਈ ਗੁਣਾ ਜ਼ਿਆਦਾ ਕੀਮਤੀ ਹੈ।