ਅੱਜ ਦੀ ਦੌੜਭੱਜ ਭਰੀ ਜ਼ਿੰਦਗੀ ਵਿੱਚ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਰਹੇ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ।

ਪਰ ਇਕ ਨਵੀਂ ਰਿਪੋਰਟ ਦੱਸਦੀ ਹੈ ਕਿ ਕੁਝ ਖਾਸ ਬਲੱਡ ਗਰੁੱਪ ਵਾਲਿਆਂ ਨੂੰ ਦਿਲ ਦੀ ਬਿਮਾਰੀ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਹੋਰਾਂ ਨਾਲੋਂ ਘੱਟ ਹੁੰਦਾ ਹੈ।

ਵਿਗਿਆਨੀਆਂ ਦੇ ਅਨੁਸਾਰ, ਬਲੱਡ ਗਰੁੱਪ ਅਤੇ ਦਿਲ ਦੀ ਬਿਮਾਰੀ ਵਿਚਕਾਰ ਗਹਿਰਾ ਸਬੰਧ ਹੈ।

ਇੱਕ ਖੋਜ ਮੁਤਾਬਕ, ਬਲੱਡ ਗਰੁੱਪ O ਵਾਲਿਆਂ ਨੂੰ A, B ਜਾਂ AB ਗਰੁੱਪ ਵਾਲਿਆਂ ਨਾਲੋਂ ਦਿਲ ਦੀ ਬਿਮਾਰੀ ਦਾ ਖ਼ਤਰਾ ਕਾਫ਼ੀ ਘੱਟ ਹੁੰਦਾ ਹੈ।

ਖੋਜ ਮੁਤਾਬਕ, ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ A, B ਜਾਂ AB ਹੈ, ਉਨ੍ਹਾਂ ਨੂੰ ਦਿਲ ਦਾ ਦੌਰਾ ਤੇ ਹਾਰਟ ਫੇਲ੍ਹ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਇਹਨਾਂ ਗਰੁੱਪਾਂ ਵਾਲਿਆਂ ‘ਚ ਦਿਲ ਦੀ ਬਿਮਾਰੀ ਦਾ ਜੋਖਮ ਔਸਤਨ 11 ਫ਼ੀਸਦੀ ਵੱਧ ਪਾਇਆ ਗਿਆ ਹੈ।

ਮਾਹਿਰ ਕਹਿੰਦੇ ਹਨ ਕਿ O ਬਲੱਡ ਗਰੁੱਪ ਵਾਲਿਆਂ ਦੇ ਖੂਨ ਵਿੱਚ ਜੰਮਣ ਵਾਲੇ ਤੱਤ ਘੱਟ ਹੁੰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਦਾ ਜੋਖਮ ਘੱਟ ਹੁੰਦਾ ਹੈ। ਨਾਲ ਹੀ, ਉਨ੍ਹਾਂ ਦਾ ਕੋਲੈਸਟ੍ਰੋਲ ਤੇ ਸੋਜਸ਼ ਦਾ ਪੱਧਰ ਵੀ ਸੰਤੁਲਿਤ ਰਹਿੰਦਾ ਹੈ।

ਅਧਿਐਨ ਅਨੁਸਾਰ, ਬਲੱਡ ਗਰੁੱਪ ਸਟ੍ਰੋਕ ਦੇ ਜੋਖਮ ਨੂੰ ਵੀ ਪ੍ਰਭਾਵਿਤ ਕਰਦਾ ਹੈ।

60 ਸਾਲ ਤੋਂ ਘੱਟ ਉਮਰ ਵਾਲਿਆਂ ਵਿੱਚ ਗਰੁੱਪ A ਵਾਲੇ ਲੋਕਾਂ ਨੂੰ ਸਟ੍ਰੋਕ ਦਾ ਜੋਖਮ ਵੱਧ ਹੁੰਦਾ ਹੈ, ਜਦਕਿ O ਗਰੁੱਪ ਵਾਲਿਆਂ ਨੂੰ ਇਹ ਜੋਖਮ ਘੱਟ ਹੁੰਦਾ ਹੈ।

ਖੋਜ ਅਨੁਸਾਰ, ਦਿਲ ਦੀ ਬਿਮਾਰੀ ਦਾ ਜੋਖਮ ਖੂਨ ਦੇ ਜੰਮਣ ਅਤੇ ਸੋਜਸ਼ ਦੇ ਪੱਧਰ ਨਾਲ ਜੁੜਿਆ ਹੁੰਦਾ ਹੈ। ਗੈਰ-O ਬਲੱਡ ਗਰੁੱਪ ਵਾਲੇ ਲੋਕਾਂ ਵਿੱਚ ਕਲਾਟਿੰਗ ਫੈਕਟਰ VIII ਅਤੇ ਵੌਨ ਵਿਲੇਬ੍ਰਾਂਡ ਫੈਕਟਰ ਵੱਧ ਹੁੰਦੇ ਹਨ, ਜਿਸ ਨਾਲ ਖੂਨ ਜੰਮਣ ਦੀ ਸੰਭਾਵਨਾ ਵਧਦੀ ਹੈ ਤੇ ਦਿਲ ਦੀ ਬਿਮਾਰੀ ਦਾ ਜੋਖਮ ਵੱਧ ਸਕਦਾ ਹੈ।

ਭਾਵੇਂ ਖੂਨ ਦਾ ਗਰੁੱਪ ਬਦਲਿਆ ਨਹੀਂ ਜਾ ਸਕਦਾ, ਪਰ ਇਸ ਜਾਣਕਾਰੀ ਨਾਲ ਲੋਕ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਸਕਦੇ ਹਨ।

ਖਾਸ ਕਰਕੇ A, B ਅਤੇ AB ਬਲੱਡ ਗਰੁੱਪ ਵਾਲਿਆਂ ਨੂੰ ਦਿਲ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਨਿਯਮਤ ਸਿਹਤ ਜਾਂਚ, ਸੰਤੁਲਿਤ ਖੁਰਾਕ ਅਤੇ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਤਾਂ ਜੋ ਬਲੱਡ ਪ੍ਰੈਸ਼ਰ ਕਾਬੂ ਵਿੱਚ ਰਹੇ ਤੇ ਦਿਲ ਸਿਹਤਮੰਦ ਰਹੇ।