ਡਾਕਟਰਾਂ ਅਨੁਸਾਰ ਠੰਢ ਦਾ ਸਿੱਧਾ ਅਸਰ ਸਰੀਰ ਅਤੇ ਦਿਲ ’ਤੇ ਪੈਂਦਾ ਹੈ। ਤਾਪਮਾਨ ਘਟਣ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਬਲੱਡ ਪ੍ਰੈਸ਼ਰ ਵਿੱਚ ਉਤਾਰ-ਚੜ੍ਹਾਅ ਆ ਸਕਦਾ ਹੈ, ਜਿਸ ਕਾਰਨ ਦਿਲ ’ਤੇ ਵਧੇਰੇ ਦਬਾਅ ਪੈਂਦਾ ਹੈ।

ਇਸ ਕਰਕੇ ਖ਼ਾਸ ਤੌਰ ’ਤੇ ਰਾਤ ਦੇ ਸਮੇਂ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ। ਹਾਲਾਂਕਿ ਕੁਝ ਸਾਵਧਾਨੀਆਂ ਅਪਣਾ ਕੇ ਇਸ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।

ਸਰਦੀਆਂ 'ਚ ਐਕਟਿਵ ਰਹਿਣਾ, ਸਿਹਤਮੰਦ ਖੁਰਾਕ ਖਾਣੀ, ਠੰਢ ਤੋਂ ਬਚਾਅ ਕਰਨਾ ਅਤੇ ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।

ਸਮੇਂ-ਸਿਰ ਡਾਕਟਰ ਦੀ ਸਲਾਹ ਲੈਣ ਨਾਲ ਦਿਲ ਦੀ ਸਿਹਤ ਨੂੰ ਬਚਾਇਆ ਜਾ ਸਕਦਾ ਹੈ।

ਠੰਢ ਪੈਂਦਿਆਂ ਹੀ ਖੂਨ ਦੀਆਂ ਨਾੜੀਆਂ (ਬਲੱਡ ਵੈਸਲਜ਼) ਸਿਕੁੜ ਜਾਂਦੀਆਂ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਅਤੇ ਦਿਲ ’ਤੇ ਵੱਧ ਦਬਾਅ ਪੈਂਦਾ ਹੈ।

ਸਰਦੀਆਂ 'ਚ ਪਸੀਨਾ ਘੱਟ ਨਿਕਲਦਾ ਹੈ ਅਤੇ ਲੋਕ ਪਾਣੀ ਵੀ ਘੱਟ ਪੀਂਦੇ ਹਨ, ਜਿਸ ਨਾਲ ਖੂਨ ਕੁਝ ਗਾੜ੍ਹਾ ਹੋ ਜਾਂਦਾ ਹੈ ਅਤੇ ਕਲਾਟ ਬਣਨ ਦਾ ਖਤਰਾ ਵਧ ਜਾਂਦਾ ਹੈ।

ਇਸ ਮੌਸਮ 'ਚ BP ਕੁਦਰਤੀ ਤੌਰ ’ਤੇ ਉੱਚਾ ਰਹਿੰਦਾ ਹੈ, ਨਾਲ ਹੀ ਤਲੇ-ਭੁੰਨੇ ਅਤੇ ਮਿੱਠੇ ਪਦਾਰਥ ਵੱਧ ਖਾਣ ਕਾਰਨ ਕੋਲੈਸਟ੍ਰੋਲ ਲੈਵਲ ਵੀ ਵਧ ਸਕਦਾ ਹੈ।

ਠੰਢ ਕਾਰਨ ਕਸਰਤ ਘੱਟ ਹੋ ਜਾਂਦੀ ਹੈ, ਜਿਸ ਨਾਲ ਵਜ਼ਨ, ਸ਼ੂਗਰ ਅਤੇ BP ਵਿਗੜ ਸਕਦੇ ਹਨ—ਇਹ ਸਾਰੇ ਦਿਲ ਲਈ ਖ਼ਤਰਨਾਕ ਹਨ।

ਕਾਰਡੀਓਲੋਜਿਸਟਾਂ ਮੁਤਾਬਕ ਸਰਦੀਆਂ ਵਿੱਚ ਦਿਲ ਨੂੰ ਸੁਰੱਖਿਅਤ ਰੱਖਣ ਲਈ ਸਰੀਰ ਨੂੰ ਗਰਮ ਰੱਖਣਾ ਬਹੁਤ ਜ਼ਰੂਰੀ ਹੈ। ਪਰਤਾਂ ਵਿੱਚ ਕੱਪੜੇ ਪਹਿਨੋ ਅਤੇ ਸਿਰ, ਛਾਤੀ ਨਾਲ ਨਾਲ ਹੱਥ-ਪੈਰ ਢੱਕ ਕੇ ਰੱਖੋ।

ਸਰਦੀਆਂ ਵਿੱਚ ਵੀ ਪੂਰਾ ਪਾਣੀ ਪੀਣਾ ਨਾ ਭੁੱਲੋ, ਕੋਸਾ ਪਾਣੀ ਸਭ ਤੋਂ ਵਧੀਆ ਰਹਿੰਦਾ ਹੈ।

ਸਵੇਰੇ ਉੱਠਦੇ ਹੀ ਅਚਾਨਕ ਭਾਰੀ ਕਸਰਤ ਕਰਨ ਤੋਂ ਬਚੋ, ਪਹਿਲਾਂ ਹਲਕੀ ਸਟ੍ਰੈਚਿੰਗ ਕਰੋ ਅਤੇ ਫਿਰ ਦਿਨ ਚੜ੍ਹਨ ’ਤੇ ਵਾਕ ਜਾਂ ਯੋਗ ਅਪਣਾਓ।