ਇਸ ਸਾਲ ਕਰਵਾ ਚੌਥ ਦਾ ਤਿਉਹਾਰ 10 ਅਕਤੂਬਰ 2025 ਨੂੰ ਮਨਾਇਆ ਜਾਵੇਗਾ।

ਇਸ ਦਿਨ ਵਿਆਹਸ਼ੁਦਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਖੁਸ਼ਹਾਲ ਵਿਆਹਸ਼ੁਦਾ ਜੀਵਨ ਲਈ ਵਰਤ ਰੱਖਦੀਆਂ ਹਨ। ਪਰ ਅਕਸਰ ਗਰਭਵਤੀ ਔਰਤਾਂ ਲਈ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਪ੍ਰੈਗਨੈਂਸੀ ਦੌਰਾਨ ਵਰਤ ਰੱਖਣਾ ਸਿਹਤ ਲਈ ਠੀਕ ਹੈ ਜਾਂ ਨਹੀਂ।

ਇਸ ਲਈ ਡਾਕਟਰ ਦੀ ਸਲਾਹ ਲੈਣਾ ਸਭ ਤੋਂ ਜ਼ਰੂਰੀ ਹੈ ਤਾਂ ਜੋ ਮਾਂ ਅਤੇ ਬੱਚੇ ਦੀ ਸਿਹਤ 'ਤੇ ਕੋਈ ਨਕਾਰਾਤਮਕ ਅਸਰ ਨਾ ਪਵੇ।

ਮੈਡੀਕਲ ਮਾਹਿਰ ਮੰਨਦੇ ਹਨ ਕਿ ਹਰ ਔਰਤ ਦਾ ਸਰੀਰ ਵੱਖਰਾ ਹੁੰਦਾ ਹੈ ਅਤੇ ਗਰਭ ਅਵਸਥਾ ਦੌਰਾਨ ਸਿਹਤ ਦੀਆਂ ਸਥਿਤੀਆਂ ਵੀ ਵੱਖ-ਵੱਖ ਹੋ ਸਕਦੀਆਂ ਹਨ। ਬਿਨਾਂ ਡਾਕਟਰ ਦੀ ਸਲਾਹ ਦੇ ਵਰਤ ਰੱਖਣਾ ਕਈ ਵਾਰ ਮਾਂ ਅਤੇ ਬੱਚੇ ਦੋਹਾਂ ਲਈ ਖਤਰਨਾਕ ਹੋ ਸਕਦਾ ਹੈ।

ਜੇ ਗਰਭਵਤੀ ਔਰਤ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਥਾਇਰਾਇਡ ਜਾਂ ਸ਼ੂਗਰ (ਡਾਇਬੀਟੀਜ਼) ਦੀ ਪਰੇਸ਼ਾਨੀ ਹੈ, ਖ਼ੂਨ ਦੀ ਕਮੀ (ਐਨੀਮੀਆ) ਹੈ ਜਾਂ ਡਾਕਟਰ ਨੇ ਨਿਯਮਿਤ ਦਵਾਈਆਂ ਅਤੇ ਪੋਸ਼ਟਿਕ ਖਾਣਾ ਲੈਣ ਲਈ ਕਿਹਾ ਹੈ ਤਾਂ ਅਜਿਹੀ ਸਥਿਤੀ 'ਚ ਵਰਤ ਨਹੀਂ ਰੱਖਣਾ ਚਾਹੀਦਾ। ਇਸ ਨਾਲ ਮਾਂ ਅਤੇ ਬੱਚੇ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।

ਕੁਝ ਔਰਤਾਂ ਭਾਵਨਾਤਮਕ ਜਾਂ ਰਿਵਾਇਤੀ ਕਾਰਨਾਂ ਕਰਕੇ ਵਰਤ ਰੱਖਣਾ ਚਾਹੁੰਦੀਆਂ ਹਨ ਤਾਂ ਪੂਰੀ ਤਰ੍ਹਾਂ ਨਿਰਜਲਾ ਵਰਤ ਰੱਖਣ ਦੀ ਬਜਾਏ ਹਲਕਾ ਵਰਤ ਕਰਨਾ ਬਿਹਤਰ ਹੈ।

ਦਿਨ ਭਰ ਥੋੜ੍ਹੀ-ਥੋੜ੍ਹੀ ਮਾਤਰਾ 'ਚ ਨਾਰੀਅਲ ਪਾਣੀ, ਨਿੰਬੂ ਪਾਣੀ, ਦੁੱਧ ਜਾਂ ਸ਼ਿਕੰਜਵੀ ਪੀ ਸਕਦੀਆਂ ਹਨ।

ਸਰਗੀ 'ਚ ਪੋਸ਼ਣਯੁਕਤ ਖਾਣਾ ਜਿਵੇਂ ਓਟਸ, ਦਲੀਆ, ਪੋਹਾ, ਫਲ ਅਤੇ ਸੁੱਕੇ ਮੇਵੇ ਲਾਜ਼ਮੀ ਖਾਣੇ ਚਾਹੀਦੇ ਹਨ। ਵੱਧ ਸਰੀਰਿਕ ਮਿਹਨਤ ਤੋਂ ਬਚੋ ਅਤੇ ਪੂਰਾ ਆਰਾਮ ਕਰੋ।

ਜੇ ਕਿਸੇ ਵੀ ਵੇਲੇ ਬੱਚੇ ਦੀ ਹਿਲਜੁਲ ਕੱਟ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।