ਹਾਲ ਹੀ 'ਚ ਇੱਕ ਸਟੈੱਪ-ਟ੍ਰੈਕਿੰਗ ਐਪ ਨੇ ਇੱਕ ਮਾਡਲ 'ਸੈਮ' ਬਣਾਇਆ ਹੈ। ਇਹ ਮਾਡਲ ਦਿਖਾਉਂਦਾ ਹੈ ਕਿ ਜੇ ਇਨਸਾਨ ਆਪਣੀ ਜੀਵਨਸ਼ੈਲੀ ਨਹੀਂ ਬਦਲਦਾ, ਤਾਂ ਸਾਲ 2050 ਤੱਕ ਸਾਡਾ ਸਰੀਰ ਸਮਾਰਟਫੋਨ ਦੀ ਲਤ ਕਾਰਨ ਕਿਵੇਂ ਪ੍ਰਭਾਵਿਤ ਹੋ ਸਕਦਾ ਹੈ। ਨਤੀਜੇ ਕਾਫ਼ੀ ਡਰਾਉਣੇ ਹਨ।

ਸਾਲ 2050 ਤੱਕ ਸਮਾਰਟਫੋਨ ਦੀ ਲਤ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ।

ਸਭ ਤੋਂ ਪਹਿਲਾਂ ਸਾਡਾ ਪੋਸਚਰ ਖਰਾਬ ਹੋਵੇਗਾ – ਗਰਦਨ ਅੱਗੇ ਝੁਕ ਜਾਵੇਗੀ, ਪਿੱਠ ਗੋਲ ਹੋ ਜਾਵੇਗੀ ਅਤੇ ਮੋਢੇ ਝੁਕ ਜਾਣਗੇ। ਇਸਨੂੰ ਟੈਕ ਨੈੱਕ ਕਹਿੰਦੇ ਹਨ, ਜੋ ਲੰਬੇ ਸਮੇਂ ਤੱਕ ਮੋਬਾਈਲ ਜਾਂ ਲੈਪਟਾਪ ਦੇਖਣ ਨਾਲ ਹੁੰਦਾ ਹੈ। ਇਸ ਕਾਰਨ ਗਰਦਨ ਅਤੇ ਪਿੱਠ ਵਿਚ ਦਰਦ ਆਮ ਹੋ ਜਾਵੇਗਾ।

ਸਮਾਰਟਫੋਨ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਅੱਖਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਸੈਮ ਦੇ ਮਾਡਲ ਦੇ ਅਨੁਸਾਰ ਲਾਲ ਤੇ ਥੱਕੀਆਂ ਅੱਖਾਂ, ਕਾਲੇ ਘੇਰੇ, ਪੀਲੀ ਚਮੜੀ ਅਤੇ ਝੜਦੇ ਵਾਲ ਸਕ੍ਰੀਨ ਦੀ ਰੋਸ਼ਨੀ ਅਤੇ ਨੀਂਦ ਦੀ ਘਾਟ ਨਾਲ ਹੋ ਸਕਦੇ ਹਨ। ਲਗਾਤਾਰ ਸਕ੍ਰੀਨ ਦੇਖਣ ਨਾਲ ਅੱਖਾਂ ਵਿੱਚ ਸੁੱਕਣ ਅਤੇ ਜਲਨ ਹੋਣਾ ਆਮ ਗੱਲ ਬਣ ਜਾਵੇਗੀ।

AI ਮਾਡਲ 'ਚ ਸੈਮ ਦੇ ਸੁੱਜੇ ਹੋਏ ਪੈਰ ਤੇ ਅੱਡੀਆਂ ਵੀ ਦਿਖਾਏ ਗਏ ਹਨ। ਇਹ ਲੰਬੇ ਸਮੇਂ ਤਕ ਬੈਠੇ ਰਹਿਣ ਅਤੇ ਘੱਟ ਫਿਜ਼ੀਕਲ ਐਕਟਿਵਿਟੀ ਦਾ ਨਤੀਜਾ ਹੈ।

ਇਸ ਨਾਲ ਸਰੀਰ ਦੇ ਬਲੱਡ ਸਰਕੂਲੇਸ਼ਨ 'ਚ ਗੜਬੜ ਹੋ ਸਕਦੀ ਹੈ, ਵੈਰੀਕੋਜ਼ ਵੇਨਸ ਤੇ ਖੂਨ ਦੇ ਥੱਕੇ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਇਸ ਦੇ ਨਾਲ-ਨਾਲ ਪੇਟ ਦਾ ਵਧਣਾ, ਮੋਟਾਪਾ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਵੀ ਆਮ ਹੋ ਜਾਵੇਗੀ।

ਸਮਾਰਟਫੋਨ ਦੀ ਲਤ ਸਿਰਫ ਸਰੀਰ ਨੂੰ ਨਹੀਂ, ਮਨ ਨੂੰ ਵੀ ਪ੍ਰਭਾਵਿਤ ਕਰਦੀ ਹੈ।

ਲੰਬੇ ਸਮੇਂ ਤੱਕ ਸੋਸ਼ਲ ਮੀਡੀਆ 'ਤੇ ਰਹਿਣ ਨਾਲ ਤਣਾਅ, ਐਂਗਜ਼ਾਇਟੀ ਅਤੇ ਡਿਪ੍ਰੈਸ਼ਨ ਵਧਦੇ ਹਨ। ਜਿੰਨਾ ਅਸੀਂ ਫੋਨ ਵਿੱਚ ਖੋ ਜਾਂਦੇ ਹਾਂ, ਓਨਾ ਹੀ ਅਸੀਂ ਅਸਲੀ ਦੁਨੀਆ ਤੋਂ ਦੂਰ ਹੋ ਜਾਂਦੇ ਹਾਂ, ਜਿਸ ਨਾਲ ਮਨ ਉਦਾਸ ਅਤੇ ਨਕਾਰਾ ਬਣਦਾ ਹੈ।

ਅਜੇ ਵੀ ਸਮਾਂ ਹੈ। ਫੋਨ ਤੋਂ ਛੋਟੇ-ਛੋਟੇ ਬ੍ਰੇਕ ਲਓ, ਰੋਜ਼ ਵਾਕਿੰਗ ਜਾਂ ਯੋਗ ਸ਼ਾਮਲ ਕਰੋ ਤੇ ਲੋਕਾਂ ਨਾਲ ਸਿੱਧਾ ਜੁੜੋ।

ਇਹ ਛੋਟੇ-ਛੋਟੇ ਬਦਲਾਅ ਸਾਨੂੰ ਭਵਿੱਖ ਦੇ ਨੁਕਸਾਨ ਤੋਂ ਬਚਾ ਸਕਦੇ ਹਨ।