ਅੰਮ੍ਰਿਤਸਰ ਮੈਡੀਕਲ ਹਸਪਤਾਲ ਵੱਲੋਂ ਇੰਡੀਅਨ ਸੋਸਾਇਟੀ ਆਫ ਸਲੀਪ ਸਰਜਨਜ਼ ਆਫ ਇੰਡੀਆ ਦੀ 11ਵੀਂ ਸਾਲਾਨਾ ਰਾਸ਼ਟਰੀ ਕਾਨਫਰੰਸ ਕਰਵਾਈ ਗਈ, ਜਿਸ ਦਾ ਮੁੱਖ ਵਿਸ਼ਾ ਸੀ ਸਲੀਪ ਐਪਨੀਆ।

ਇਸ ਤਿੰਨ ਦਿਨਾਂ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਲਗਭਗ 500 ਡਾਕਟਰ ਤੇ ਮਾਹਿਰ ਸ਼ਾਮਲ ਹੋਏ। ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਡਾ. ਰਣਦੀਪ ਗੁਲੇਰੀਆ ਅਤੇ ਡਾ. ਰਾਜੀਵ ਦੇਵਗਨ ਨੇ ਕੀਤੀ।

ਮਾਹਿਰਾਂ ਨੇ ਦੱਸਿਆ ਕਿ ਸਲੀਪ ਐਪਨੀਆ ਇੱਕ ਅਜਿਹਾ ਰੋਗ ਹੈ ਜਿਸ ਵਿੱਚ ਨੀਂਦ ਦੌਰਾਨ ਘੁਰਾੜਿਆਂ ਕਾਰਨ ਸਾਹ ਰੁਕ ਜਾਂਦੀ ਹੈ ਅਤੇ ਆਕਸੀਜਨ ਘੱਟ ਹੋ ਜਾਂਦੀ ਹੈ।

ਇਸ ਕਾਰਨ ਦਿਨ ਵੇਲੇ ਥਕਾਵਟ, ਨੀਂਦ ਆਉਣੀ, ਦਿਲ ਤੇ ਫੇਫੜਿਆਂ ਦੀਆਂ ਬਿਮਾਰੀਆਂ, ਮਾਨਸਿਕ ਦਬਾਅ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਮਾਹਿਰਾਂ ਨੇ ਕਿਹਾ ਕਿ ਸਲੀਪ ਐਪਨੀਆ ਦੇ ਮਰੀਜ਼ਾਂ ਦੀ ਪੂਰੀ ਜਾਂਚ ਕਰਨੀ ਜ਼ਰੂਰੀ ਹੈ, ਜਿਸ ਵਿੱਚ ਨੀਂਦ ਦੀ ਜਾਂਚ, ਈ.ਐੱਨ.ਟੀ. ਅਤੇ ਸਾਹ ਦੀ ਨਲੀ ਦੀ ਜਾਂਚ ਸ਼ਾਮਲ ਹੁੰਦੀ ਹੈ।

ਇਲਾਜ ਵਿੱਚ ਸਰਜਰੀ, ਮੌਖਿਕ ਉਪਕਰਣ, ਸੀ.ਪੀ.ਏ.ਪੀ. ਥੈਰੇਪੀ, ਜੀਵਨਸ਼ੈਲੀ ਵਿੱਚ ਬਦਲਾਅ ਅਤੇ ਲੰਬੇ ਸਮੇਂ ਤੱਕ ਫਾਲੋਅੱਪ ਕਰਨਾ ਸ਼ਾਮਲ ਹੁੰਦਾ ਹੈ।

ਮਾਹਿਰਾਂ ਨੇ ਦੱਸਿਆ ਕਿ ਬੱਚਿਆਂ ਵਿੱਚ ਸਲੀਪ ਐਪਨੀਆ ਆਮ ਤੌਰ ’ਤੇ ਵਧੇ ਹੋਏ ਐਡੀਨੋਇਡ ਅਤੇ ਟੌਨਸਿਲ ਕਾਰਨ ਹੁੰਦੀ ਹੈ,

ਜਦਕਿ ਬਾਲਗਾਂ ਵਿੱਚ ਇਹ ਮੋਟਾਪੇ, ਨੱਕ ਦੀ ਐਲਰਜੀ ਅਤੇ ਸਾਹ ਦੀ ਨਲੀ ਦੀ ਰੁਕਾਵਟ ਕਰਕੇ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਸਿਰ ਇਲਾਜ ਅਤੇ ਸਹੀ ਜਾਂਚ ਨਾਲ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ।

ਲੰਬੇ ਸਮੇਂ ਤੱਕ ਘੁਰਾੜੇ ਮਾਰਣ ਵਾਲਿਆਂ ਵਿੱਚ ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ ਜਾਂ ਹੋਰ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਲੰਬੇ ਸਮੇਂ ਤੱਕ ਠੀਕ ਨੀਂਦ ਨਾ ਮਿਲਣ ਕਾਰਨ ਡਿਪ੍ਰੈਸ਼ਨ, ਚਿੜਚਿੜਾਪਣ ਅਤੇ ਯਾਦਦਾਸ਼ਤ ਦੀ ਕਮੀ ਆ ਸਕਦੀ ਹੈ।

ਘੁਰਾੜੇ ਮਾਰਨ ਨਾਲ ਜੀਵਨ ਸਾਥੀ ਜਾਂ ਪਰਿਵਾਰਕ ਮੈਂਬਰਾਂ ਦੀ ਨੀਂਦ ਵਿਗੜਦੀ ਹੈ, ਜਿਸ ਨਾਲ ਰਿਸ਼ਤਿਆਂ 'ਚ ਤਣਾਅ ਪੈਦਾ ਹੋ ਸਕਦਾ ਹੈ।