ਹਾਰਟ ਅਟੈਕ ਦੇ ਮਾਮਲੇ ਅਕਸਰ ਖਰਾਬ ਖਾਣ-ਪੀਣ, ਗਲਤ ਲਾਈਫਸਟਾਈਲ ਅਤੇ ਨੀਂਦ ਦੀਆਂ ਆਦਤਾਂ ਕਰਕੇ ਵੱਧ ਰਹੇ ਹਨ—ਇਹ ਗੱਲ ਕਈ ਕਾਰਡੀਓਲੋਜਿਸਟ ਪਹਿਲਾਂ ਹੀ ਦੱਸ ਚੁੱਕੇ ਹਨ। ਪਰ ਕੀ ਐਂਜਾਇਟੀ ਜਾਂ ਵੱਧ ਤਣਾਅ ਵੀ ਹਾਰਟ ਅਟੈਕ ਦਾ ਕਾਰਨ ਬਣ ਸਕਦੇ ਹਨ, ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ।

ਕਈ ਵਾਰ ਹੋਰ ਕਾਰਨਾਂ ਕਰਕੇ ਵੀ ਲੋਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਇਹ ਤਣਾਅ ਵੱਧ ਕੇ ਐਂਜਾਇਟੀ ਦਾ ਰੂਪ ਧਾਰ ਲੈਂਦਾ ਹੈ।

ਅਜਿਹੀ ਸਥਿਤੀ ਵਿੱਚ ਕੁਝ ਲੋਕਾਂ ਨੂੰ ਪੈਨਿਕ ਅਟੈਕ ਵੀ ਆਉਣ ਲੱਗਦੇ ਹਨ, ਜਿਨ੍ਹਾਂ ਨੂੰ ਸੰਭਾਲਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ।

ਅਧਿਐਨ ਦੱਸਦੇ ਹਨ ਕਿ ਲਗਭਗ 30 ਫੀਸਦੀ ਦਿਲ ਦੇ ਮਰੀਜ਼ ਦਿਲ ਨਾਲ ਜੁੜੀ ਸਮੱਸਿਆ ਤੋਂ ਬਾਅਦ ਗੰਭੀਰ ਐਂਜਾਇਟੀ ਦਾ ਸ਼ਿਕਾਰ ਹੋ ਜਾਂਦੇ ਹਨ।

ਜੋ ਲੋਕ ਲਗਾਤਾਰ ਐਂਜਾਇਟੀ ਨਾਲ ਜੂਝ ਰਹੇ ਹੁੰਦੇ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਕਸਰ ਉੱਚਾ ਰਹਿੰਦਾ ਹੈ ਅਤੇ ਇਹੀ ਕਾਰਨ ਹੈ ਕਿ ਅਜਿਹੇ ਲੋਕਾਂ ਵਿੱਚ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ।

ਛਾਤੀ ਵਿੱਚ ਦਰਦ, ਪਸੀਨਾ ਆਉਣਾ, ਉਲਟੀ ਆਉਣਾ, ਹਰ ਵੇਲੇ ਬੇਚੈਨੀ ਮਹਿਸੂਸ ਹੋਣਾ, ਇੱਕੋ ਸੋਚ ਵਾਰ-ਵਾਰ ਆਉਣਾ, ਕਿਸੇ ਵੀ ਚੀਜ਼ ਵਿੱਚ ਮਨ ਨਾ ਲੱਗਣਾ, ਦਿਲ ਦੀ ਧੜਕਣ ਤੇਜ਼ ਹੋਣਾ, ਸੁੰਨਾਪਨ ਮਹਿਸੂਸ ਹੋਣਾ ਅਤੇ ਸਾਂਹ ਲੈਣ ਵਿੱਚ ਦਿੱਕਤ-ਇਹ ਸਾਰੇ ਲੱਛਣ ਐਂਜਾਇਟੀ ਦੌਰਾਨ ਵੇਖੇ ਜਾਂਦੇ ਹਨ। ਇਨ੍ਹਾਂ ਵਰਗੇ ਹੀ ਲੱਛਣ ਹਾਰਟ ਅਟੈਕ ਵਿੱਚ ਵੀ ਹੋ ਸਕਦੇ ਹਨ।

ਜੇ ਤੁਹਾਨੂੰ ਇਹ ਲੱਛਣ ਲਗਾਤਾਰ ਨਜ਼ਰ ਆ ਰਹੇ ਹਨ, ਤਾਂ ਬਿਨਾਂ ਦੇਰੀ ਕੀਤੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ।

ਸਟ੍ਰੈੱਸ ਜਾਂ ਐਂਜਾਇਟੀ ਨੂੰ ਇੱਕ ਕ੍ਰੋਨਿਕ ਕੰਡੀਸ਼ਨ ਮੰਨਿਆ ਜਾਂਦਾ ਹੈ, ਜੋ ਸਰੀਰ ਦੇ ਨਾਲ-ਨਾਲ ਦਿਲ ‘ਤੇ ਵੀ ਅਸਰ ਪਾਂਦੀ ਹੈ।

ਜਦੋਂ ਤੁਸੀਂ ਜ਼ਿਆਦਾ ਤਣਾਅ ਵਿੱਚ ਹੁੰਦੇ ਹੋ, ਤਾਂ ਸਰੀਰ ਐਡ੍ਰੈਨਾਲਿਨ ਅਤੇ ਕੋਰਟਿਸੋਲ ਨਾਂ ਦੇ ਹਾਰਮੋਨ ਰਿਲੀਜ਼ ਕਰਦਾ ਹੈ। ਇਸ ਨਾਲ ਦਿਲ ਤੇਜ਼ੀ ਨਾਲ ਧੜਕਣ ਲੱਗ ਪੈਂਦਾ ਹੈ ਅਤੇ ਖੂਨ ਦੀ ਸਰਕੂਲੇਸ਼ਨ ਵੀ ਤੇਜ਼ ਹੋ ਜਾਂਦੀ ਹੈ।

ਲਗਾਤਾਰ ਉੱਚੀ ਖੂਨ ਦੀ ਸਰਕੂਲੇਸ਼ਨ ਹੌਲੀ-ਹੌਲੀ ਧਮਨੀਆਂ (ਵੇਸਲਜ਼) ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਆਖ਼ਿਰਕਾਰ ਇਹੀ ਨੁਕਸਾਨ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।

ਵੱਧ ਤਣਾਅ ਦੇ ਕਾਰਨ ਅਕਸਰ ਲੋਕ ਗਲਤ ਆਦਤਾਂ ਪਾ ਲੈਂਦੇ ਹਨ, ਜਿਵੇਂ ਸਿਗਰਟ ਪੀਣਾ, ਸ਼ਰਾਬ ਦਾ ਸੇਵਨ ਕਰਨਾ ਅਤੇ ਹੱਦ ਤੋਂ ਵੱਧ ਖਾਣਾ।

ਇਨ੍ਹਾਂ ਆਦਤਾਂ ਨਾਲ ਸਰੀਰ ਦੇ ਨਾਲ-ਨਾਲ ਦਿਲ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਹ ਕਾਰਨ ਵੀ ਹਾਰਟ ਅਟੈਕ ਦੇ ਖਤਰੇ ਨੂੰ ਵਧਾ ਦਿੰਦੇ ਹਨ।

ਜਿਨ੍ਹਾਂ ਕਾਰਨਾਂ ਕਰਕੇ ਤੁਹਾਨੂੰ ਸਟ੍ਰੈੱਸ ਜਾਂ ਐਂਜਾਇਟੀ ਹੋ ਰਹੀ ਹੈ, ਪਹਿਲਾਂ ਉਨ੍ਹਾਂ ਦੀ ਪਛਾਣ ਕਰੋ ਅਤੇ ਇਸ ਬਾਰੇ ਕਿਸੇ ਨਾਲ ਖੁੱਲ੍ਹ ਕੇ ਗੱਲ ਕਰੋ।

ਆਪਣੇ ਆਪ ਨੂੰ ਤਕਲੀਫ਼ ਨਾ ਦਿਓ ਅਤੇ ਨਾ ਹੀ ਆਪਣੇ ਆਪ ਨੂੰ ਇਕੱਲਾ ਸਮਝੋ। ਪਰਿਵਾਰ ਜਾਂ ਦੋਸਤਾਂ ਨਾਲ ਗੱਲ ਸਾਂਝੀ ਕਰਨ ਨਾਲ ਮਨ ਹੌਲਾ ਹੁੰਦਾ ਹੈ ਅਤੇ ਤਣਾਅ ਘਟ ਸਕਦਾ ਹੈ। ਜੇ ਤੁਸੀਂ ਕਿਸੇ ਨਾਲ ਗੱਲ ਨਹੀਂ ਕਰ ਪਾ ਰਹੇ, ਤਾਂ ਡਾਕਟਰ ਜਾਂ ਮਾਹਿਰ ਦੀ ਮਦਦ ਜ਼ਰੂਰ ਲਵੋ।