ਪੰਜਾਬ ਅਤੇ ਚੰਡੀਗੜ੍ਹ ‘ਚ ਇਸ ਸਮੇਂ ਠੰਡੀ ਲਹਿਰ ਚੱਲ ਰਹੀ ਹੈ। ਹਾਲਾਂਕਿ 5 ਜਨਵਰੀ ਨੂੰ ਨਵੇਂ ਸਾਲ ਦੀ ਪਹਿਲੀ ਧੁੱਪ ਨਿਕਲੀ, ਜਿਸ ਨਾਲ ਮੌਸਮ ਕਾਫੀ ਸੁਹਾਵਣਾ ਹੋ ਗਿਆ।

ਲੋਕ ਧੁੱਪ ਦਾ ਆਨੰਦ ਲੈ ਰਹੇ ਹਨ।

ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਘਣੇ ਕੋਹਰੇ ਅਤੇ ਕੋਲਡ ਵੇਵ/ਕੋਲਡ ਡੇ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਇਹ ਹਾਲਤ 9 ਜਨਵਰੀ ਤੱਕ ਰਹੇਗੀ। ਇਸ ਕਾਰਨ ਰਾਤ ਦੇ ਨਾਲ-ਨਾਲ ਹੁਣ ਦਿਨ ਦਾ ਤਾਪਮਾਨ ਵੀ ਤੇਜ਼ੀ ਨਾਲ ਘਟਣ ਲੱਗਾ ਹੈ।

ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਤਾਪਮਾਨ ਵਿੱਚ 2.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।

ਹੁਣ ਇਹ ਸਧਾਰਣ ਤਾਪਮਾਨ ਤੋਂ 4.1 ਡਿਗਰੀ ਘੱਟ ਹੈ। ਫਰੀਦਕੋਟ ਅਤੇ ਬਠਿੰਡਾ ਸਭ ਤੋਂ ਠੰਡੇ ਰਹੇ, ਇੱਥੇ ਤਾਪਮਾਨ 4.5 ਡਿਗਰੀ ਦਰਜ ਕੀਤਾ ਗਿਆ, ਜਦਕਿ ਅੰਮ੍ਰਿਤਸਰ ਵਿੱਚ ਕੋਲਡ ਡੇ ਰਿਕਾਰਡ ਕੀਤਾ ਗਿਆ। ਅਗਲੇ ਦੋ ਦਿਨਾਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਘਟਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਇਸ ਸਮੇਂ ਉੱਤਰ-ਪੱਛਮੀ ਭਾਰਤ ਦੇ ਉੱਪਰ ਵੈਸਟਨ ਡਿਸਟਰਬਨ ਸਰਗਰਮ ਹੈ। ਇਹ ਆਕਾਸ਼ ਵਿੱਚ ਕਾਫ਼ੀ ਉੱਚਾਈ ‘ਤੇ ਚੱਲ ਰਹੀਆਂ ਹਵਾਵਾਂ ਦਾ ਇੱਕ ਸਿਸਟਮ ਹੈ, ਜੋ ਮੌਸਮ ਨੂੰ ਪ੍ਰਭਾਵਿਤ ਕਰ ਰਿਹਾ ਹੈ

ਤੇਜ਼ ਪੱਛਮੀ ਹਵਾਵਾਂ, ਜਿਨ੍ਹਾਂ ਨੂੰ ਜੈੱਟ ਸਟ੍ਰੀਮ ਕਿਹਾ ਜਾਂਦਾ ਹੈ, ਲਗਾਤਾਰ ਵਹਿ ਰਹੀਆਂ ਹਨ।

ਇਹ ਹਵਾਵਾਂ ਬਹੁਤ ਉੱਚਾਈ ‘ਤੇ ਵਹਿੰਦੀਆਂ ਹਨ ਅਤੇ ਇਨ੍ਹਾਂ ਕਾਰਨ ਉੱਤਰ-ਪੱਛਮੀ ਭਾਰਤ ਵਿੱਚ ਠੰਢ ਅਤੇ ਮੌਸਮੀ ਬਦਲਾਅ ਬਣਿਆ ਹੋਇਆ ਹੈ।

6 ਜਨਵਰੀ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਮੋਹਾਲੀ ਅਤੇ ਮਲੇਰਕੋਟਲਾ ਵਿੱਚ ਕੁਝ ਥਾਵਾਂ ‘ਤੇ ਬਹੁਤ ਸੰਘਣਾ ਕੋਹਰਾ ਰਹਿਣ ਦੀ ਸੰਭਾਵਨਾ ਹੈ।

ਉੱਥੇ ਹੀ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਕੁਝ ਇਲਾਕਿਆਂ ‘ਚ ਸੰਘਣਾ ਕੋਹਰਾ ਪੈ ਸਕਦਾ ਹੈ।

ਇਸੇ ਤਰ੍ਹਾਂ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।