ਵਿਟਾਮਿਨ-ਡੀ, ਜਿਸਨੂੰ Sunshine Vitamins ਵੀ ਕਿਹਾ ਜਾਂਦਾ ਹੈ, ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ।



ਜੇ ਇਹ ਘੱਟ ਹੋ ਜਾਵੇ ਤਾਂ ਹੱਡੀਆਂ, ਮਾਸਪੇਸ਼ੀਆਂ ਅਤੇ ਰੋਗਾਂ ਨਾਲ ਲੜਨ ਦੀ ਤਾਕਤ ਕਮਜ਼ੋਰ ਹੋ ਜਾਂਦੀ ਹੈ।

ਇਸ ਦੀ ਕਮੀ ਨੂੰ ਅਸੀਂ ਸਰੀਰ 'ਚ ਨਜ਼ਰ ਆਉਣ ਵਾਲੇ ਕੁਝ ਲੱਛਣਾਂ ਰਾਹੀਂ ਸਮੇਂ ਸਿਰ ਪਛਾਣ ਸਕਦੇ ਹਾਂ। ਆਓ ਜਾਣੀਏ ਕਿ ਸਕਿਨ 'ਤੇ ਵਿਟਾਮਿਨ-ਡੀ ਦੀ ਘਾਟ ਦੇ ਕੀ ਲੱਛਣ ਹੋ ਸਕਦੇ ਹਨ।

ਵਿਟਾਮਿਨ-ਡੀ ਦੀ ਕਮੀ ਨਾਲ ਚਮੜੀ ਦੇ ਰੋਗ ਜਿਵੇਂ ਐਗਜ਼ੀਮਾ ਤੇ ਸੋਰਾਇਸਿਸ ਵੱਧ ਸਕਦੇ ਹਨ।

ਇਹ ਵਿਟਾਮਿਨ ਚਮੜੀ ਦੀ ਸੋਜ ਘਟਾਉਣ ਅਤੇ ਨਵੇਂ ਸੈੱਲ ਬਣਾਉਣ ਵਿੱਚ ਮਦਦ ਕਰਦਾ ਹੈ। ਜੇਕਰ ਇਹ ਘੱਟ ਹੋਵੇ ਤਾਂ ਚਮੜੀ 'ਤੇ ਰੈਸ਼, ਖੁਜਲੀ ਅਤੇ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਵਿਟਾਮਿਨ-ਡੀ ਚਮੜੀ ਨੂੰ ਨਮੀ ਰੱਖਣ ਵਿੱਚ ਮਦਦ ਕਰਦਾ ਹੈ। ਜੇ ਇਹ ਘੱਟ ਹੋ ਜਾਵੇ ਤਾਂ ਚਮੜੀ ਰੁੱਖੀ, ਫਟੀ ਹੋਈ ਅਤੇ ਬੇਜਾਨ ਲੱਗਣ ਲੱਗਦੀ ਹੈ। ਇਸ ਨਾਲ ਚਮੜੀ ਉਜਲੀ ਦੀ ਥਾਂ ਸੁਸਤੀ ਤੇ ਫਿੱਕੀ ਵੀ ਨਜ਼ਰ ਆਉਂਦੀ ਹੈ।

ਵਿਟਾਮਿਨ-ਡੀ ਦੀ ਕਮੀ ਨਾਲ ਚਮੜੀ ਦੀ ਰੋਕ-ਪ੍ਰਤੀਰੋਧਕ ਤਾਕਤ ਘੱਟ ਹੋ ਜਾਂਦੀ ਹੈ, ਜਿਸ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਕਾਰਨ ਮੁਹਾਂਸੇ, ਪਿੰਪਲ ਤੇ ਦਾਗ-ਧੱਬੇ ਹੋ ਸਕਦੇ ਹਨ।

ਜੇ ਤੁਹਾਡੀ ਚਮੜੀ 'ਤੇ ਕੋਈ ਕੱਟ ਜਾਂ ਜ਼ਖਮ ਲੱਗੇ ਅਤੇ ਉਹ ਲੰਮਾ ਸਮਾਂ ਲੈ ਕੇ ਠੀਕ ਹੋਵੇ, ਤਾਂ ਇਹ ਵਿਟਾਮਿਨ-ਡੀ ਦੀ ਕਮੀ ਦਾ ਇਸ਼ਾਰਾ ਹੋ ਸਕਦਾ ਹੈ। ਵਿਟਾਮਿਨ-ਡੀ ਚਮੜੀ ਦੇ ਨਵੇਂ ਸੈੱਲ ਬਣਾਉਣ ਅਤੇ ਠੀਕ ਕਰਨ 'ਚ ਮਦਦ ਕਰਦਾ ਹੈ।

ਵਿਟਾਮਿਨ-ਡੀ ਦੀ ਕਮੀ ਨਾਲ ਚਮੜੀ ਦਾ ਰੰਗ ਫਿੱਕਾ ਲੱਗ ਸਕਦਾ ਹੈ ਅਤੇ ਅੱਖਾਂ ਹੇਠਾਂ ਕਾਲੇ ਘੇਰੇ ਵੱਧ ਸਕਦੇ ਹਨ। ਇਹ ਖੂਨ ਦੀ ਘਾਟ ਜਾਂ ਥਕਾਵਟ ਦਾ ਸੰਕੇਤ ਵੀ ਹੋ ਸਕਦਾ ਹੈ।

ਕਈ ਲੋਕਾਂ ਨੂੰ, ਖਾਸ ਕਰਕੇ ਨਵਜਾਤ ਬੱਚਿਆਂ ਨੂੰ, ਵਿਟਾਮਿਨ-ਡੀ ਦੀ ਕਮੀ ਕਾਰਨ ਸਿਰ ਤੇ ਮੂੰਹ 'ਤੇ ਬਹੁਤ ਵੱਧ ਪਸੀਨਾ ਆ ਸਕਦਾ ਹੈ।

ਵਿਟਾਮਿਨ-ਡੀ ਦੀ ਕਮੀ ਕਿਵੇਂ ਦੂਰ ਕਰੀਏ?:- ਰੋਜ਼ ਤੜਕ ਸਵੇਰੇ ਦੀ ਧੁੱਪ 'ਚ ਘੱਟੋ-ਘੱਟ ਅੱਧਾ ਘੰਟਾ ਬੀਤਾਓ।

ਆਪਣੀ ਡਾਈਟ ਵਿੱਚ ਮੱਛੀ, ਅੰਡੇ, ਦੁੱਧ, ਸੰਤਰੇ ਦਾ ਰੱਸ ਅਤੇ ਫੋਰਟੀਫਾਈਡ ਅਨਾਜ ਸ਼ਾਮਲ ਕਰੋ।

ਜੇ ਲੋੜ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਵਿਟਾਮਿਨ-ਡੀ ਦੇ ਸਪਲੀਮੈਂਟ ਵੀ ਲੈ ਸਕਦੇ ਹੋ।