ਪਾਲਕ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਇਸ ਹਰੀ ਸਬਜ਼ੀ ਨੂੰ ਖਾਣ ਦੇ ਇੱਕ ਦੋ ਨਹੀਂ ਬਲਕਿ ਅਣਗਿਣਤ ਸਿਹਤ ਲਾਭ ਹਨ। ਅਸਲ 'ਚ ਪਾਲਕ 'ਚ ਉਹ ਸਾਰੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੇ ਹਨ। ਇਹ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਪਰ ਕੁਝ ਲੋਕਾਂ ਨੂੰ ਪਾਲਕ ਖਾਣ ਤੋਂ ਪਰਹੇਜ਼ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਇਹ ਫਾਇਦੇ ਦੀ ਬਜਾਏ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਜੇ ਕਿਸੇ ਨੂੰ ਐਲਰਜੀ ਦੀ ਸਮੱਸਿਆ ਹੈ ਤਾਂ ਉਸ ਨੂੰ ਪਾਲਕ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਡਾਕਟਰ ਮੁਤਾਬਕ ਪਾਲਕ 'ਚ ਹਿਸਟਾਮਾਈਨ ਪਾਇਆ ਜਾਂਦਾ ਹੈ, ਜਿਸ ਨੂੰ ਖਾਣ ਨਾਲ ਕੁਝ ਲੋਕਾਂ ਨੂੰ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਜੇ ਕਿਸੇ ਨੂੰ ਗੁਰਦੇ ਦੀ ਪੱਥਰੀ ਹੈ ਜਾਂ ਪਹਿਲਾਂ ਕਦੇ ਪੱਥਰੀ ਹੋਈ ਹੈ ਤਾਂ ਅਜਿਹੇ ਲੋਕਾਂ ਨੂੰ ਵੀ ਪਾਲਕ ਨਹੀਂ ਖਾਣੀ ਚਾਹੀਦੀ। ਸਿਹਤ ਮਾਹਿਰਾਂ ਦੇ ਅਨੁਸਾਰ, ਗੁਰਦੇ ਦੀ ਪੱਥਰੀ ਦੇ ਪਿਛੋਕੜ ਵਾਲੇ ਲੋਕ ਜੇਕਰ ਪਾਲਕ ਦਾ ਸੇਵਨ ਕਰਦੇ ਹਨ, ਤਾਂ ਉਨ੍ਹਾਂ ਦੇ ਗੁਰਦਿਆਂ ਵਿੱਚ ਦੁਬਾਰਾ ਪੱਥਰੀ ਬਣ ਸਕਦੀ ਹੈ ਸਿਹਤ ਮਾਹਰਾਂ ਮੁਤਾਬਕ ਜੋ ਲੋਕ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹਨ, ਉਨ੍ਹਾਂ ਨੂੰ ਪਾਲਕ ਤੋਂ ਬਣੀ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ। ਕਿਉਂਕਿ ਪਾਲਕ 'ਚ ਵਿਟਾਮਿਨ ਕੇ ਪਾਇਆ ਜਾਂਦਾ ਹੈ, ਜੋ ਐਂਟੀਕੋਆਗੂਲੈਂਟ ਨਾਲ ਪ੍ਰਤੀਕਿਰਿਆ ਕਰਕੇ ਸਰੀਰ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ।