ਗੁਰਦੇ ਸਾਡੇ ਸਰੀਰ ਵਿੱਚ ਬਹੁਤ ਮਹੱਤਵਪੂਰਨ ਕੰਮ ਕਰਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਗੁਰਦਿਆਂ ਵਿੱਚ ਦਿੱਕਤ ਹੋ ਜਾਵੇ ਤਾਂ ਵਿਅਕਤੀ ਹਮੇਸ਼ਾ ਥਕਿਆ ਹੋਇਆ ਅਤੇ ਬਿਮਾਰ ਮਹਿਸੂਸ ਕਰਦਾ ਹੈ। ਗੁਰਦੇ ਦਾ ਕੰਮ ਖੂਨ ਵਿੱਚੋਂ ਗੰਦਗੀ ਅਤੇ ਵਾਧੂ ਤਰਲ ਨੂੰ ਬਾਹਰ ਕੱਢਣਾ ਹੈ, ਜੇਕਰ ਇਹ ਖਰਾਬ ਹੋ ਜਾਵੇ ਤਾਂ ਇਹ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਅਜਿਹੇ ਵਿੱਚ ਆਓ ਜਾਣਦੇ ਹਾਂ ਕਿਡਨੀ ਖਰਾਬ ਹੋਣ ਤੋਂ ਪਹਿਲਾਂ ਪਿਸ਼ਾਬ ਵਿੱਚ ਆਹ ਲੱਛਣ ਨਜ਼ਰ ਆਉਂਦੇ ਹਨ ਜਿਹੜੇ ਲੋਕਾਂ ਨੂੰ ਗੁਰਦੇ ਦੀ ਸਮੱਸਿਆ ਹੋ ਰਹੀ ਹੈ, ਉਨ੍ਹਾਂ ਦੇ ਪਿਸ਼ਾਬ ਦੇ ਪੈਟਰਨ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ। ਇਹ ਪਹਿਲਾ ਲੱਛਣ ਹੈ, ਜਿਸ ਨੂੰ ਕਿਸੇ ਵੀ ਵਿਅਕਤੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਪਿਸ਼ਾਬ ਵਿੱਚ ਬਦਬੂ ਆਉਣਾ ਵੀ ਇੱਕ ਮਹੱਤਵਪੂਰਨ ਲੱਛਣ ਹੈ। ਗੁਰਦੇ ਦੀ ਬਿਮਾਰੀ ਹੋਣ 'ਤੇ ਪਿਸ਼ਾਬ 'ਚੋਂ ਬਦਬੂ ਆਉਣ ਲੱਗਦੀ ਹੈ। ਜੇਕਰ ਪਿਸ਼ਾਬ ਦਾ ਰੰਗ ਗੂੜਾ ਪੀਲਾ ਹੈ ਤਾਂ ਤੁਹਾਨੂੰ ਵੀ ਚੌਕਸ ਹੋ ਜਾਣਾ ਚਾਹੀਦਾ ਹੈ। ਕਿਉਂਕਿ ਇਹ ਕਿਡਨੀ ਦੀ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਜੇਕਰ ਤੁਸੀਂ ਵਾਰ-ਵਾਰ ਪਿਸ਼ਾਬ ਕਰ ਰਹੇ ਹੋ, ਤਾਂ ਇਹ ਲੱਛਣ ਕਿਡਨੀ ਸੰਬੰਧੀ ਸਮੱਸਿਆਵਾਂ ਨੂੰ ਵੀ ਦਰਸਾਉਂਦਾ ਹੈ। ਕੁਝ ਲੋਕਾਂ ਨੂੰ ਪਿਸ਼ਾਬ ਕਰਨ ਵਿੱਚ ਦਿੱਕਤ ਆਉਣ ਲੱਗਦੀ ਹੈ। ਉਨ੍ਹਾਂ ਨੂੰ ਪਿਸ਼ਾਬ ਕਰਨ ਵੇਲੇ ਦਰਦ ਹੁੰਦਾ ਹੈ ਅਤੇ ਪਿਸ਼ਾਬ ਘੱਟ ਆਉਂਦਾ ਹੈ। ਜੇਕਰ ਤੁਹਾਡੇ ਪਿਸ਼ਾਬ 'ਚ ਝੱਗ ਆਉਂਦਾ ਹੈ ਤਾਂ ਇਹ ਚੰਗਾ ਸੰਕੇਤ ਨਹੀਂ ਹੈ। ਇਸ ਨੂੰ ਕਿਡਨੀ ਖਰਾਬ ਹੋਣ ਦਾ ਸੰਕੇਤ ਮੰਨਿਆ ਜਾ ਸਕਦਾ ਹੈ। ਜੇਕਰ ਪਿਸ਼ਾਬ ਵਿੱਚ ਝੱਗ ਆਵੇ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ। ਕਿਉਂਕਿ ਜਦੋਂ ਕਿਡਨੀ ਪ੍ਰੋਟੀਨ ਨੂੰ ਫਿਲਟਰ ਕਰਨ ਵਿੱਚ ਅਸਮਰੱਥ ਹੁੰਦੀ ਹੈ ਤਾਂ ਪਿਸ਼ਾਬ ਵਿੱਚ ਝੱਗ ਆਉਂਦਾ ਹੈ। ਇਸ ਤੋਂ ਇਲਾਵਾ ਕਿਡਨੀ ਦੀ ਬਿਮਾਰੀ ਹੋਣ 'ਤੇ ਸਰੀਰ 'ਚ ਸੋਜ, ਹਾਈ ਬਲੱਡ ਪ੍ਰੈਸ਼ਰ, ਉਲਟੀ ਆਉਣਾ, ਚਮੜੀ 'ਤੇ ਖਾਰਸ਼, ਥਕਾਵਟ ਮਹਿਸੂਸ ਹੋਣਾ ਅਤੇ ਭੁੱਖ ਨਾ ਲੱਗਣਾ ਵਰਗੇ ਲੱਛਣ ਵੀ ਦੇਖਣ ਨੂੰ ਮਿਲਦੇ ਹਨ।