Foods That Help Reduce Joint Pain: ਜੋੜਾਂ ਦੇ ਦਰਦ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਬਜ਼ੁਰਗਾਂ ਹੀ ਨਹੀਂ ਸਗੋਂ ਅਧਖੜ ਉਮਰ ਦੇ ਲੋਕ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ।



ਇਹ ਸਭ ਜ਼ਿਆਦਾ ਦੇਰ ਬੈਠੇ ਰਹਿਣ ਜਾਂ ਚੰਗਾ ਖਾਣ-ਪੀਣ ਨਾ ਹੋਣ ਕਰਕੇ ਹੋ ਰਿਹਾ ਹੈ। ਸਿਹਤ ਮਾਹਿਰਾਂ ਮੁਤਾਬਕ ਜੋੜਾਂ ਦਾ ਦਰਦ ਪੌਸ਼ਟਿਕ ਤੱਤਾਂ ਦੀ ਕਮੀ, ਮਾੜੀ ਜੀਵਨ ਸ਼ੈਲੀ, ਮੋਟਾਪਾ ਤੇ ਕਸਰਤ ਦੀ ਕਮੀ ਕਾਰਨ ਹੋ ਸਕਦਾ ਹੈ।



ਇਸ ਤੋਂ ਇਲਾਵਾ ਕਈ ਵਾਰ ਬਦਲਦੇ ਮੌਸਮ ਵਿੱਚ ਇਹ ਦਰਦ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੋ ਜਾਂਦਾ ਹੈ। ਜੋੜਾਂ ਦੇ ਦਰਦ ਕਾਰਨ ਵਿਅਕਤੀ ਨਾ ਤਾਂ ਚੱਲ ਸਕਦਾ ਹੈ ਤੇ ਨਾ ਹੀ ਠੀਕ ਤਰ੍ਹਾਂ ਬੈਠ ਸਕਦਾ ਹੈ।



ਕਈ ਲੋਕ ਇਸ ਦਰਦ ਨੂੰ ਘੱਟ ਕਰਨ ਲਈ ਕਈ ਤਰ੍ਹਾਂ ਦੀਆਂ ਕਰੀਮਾਂ ਤੇ ਦਰਦ ਨਿਵਾਰਕ ਦਵਾਈਆਂ ਲੈਣ ਲੱਗਦੇ ਹਨ। ਇਹ ਦਵਾਈਆਂ ਕੁਝ ਸਮੇਂ ਲਈ ਰਾਹਤ ਦਿੰਦੀਆਂ ਹਨ ਪਰ ਇਸ ਤੋਂ ਬਾਅਦ ਦਰਦ ਫਿਰ ਸ਼ੁਰੂ ਹੋ ਜਾਂਦਾ ਹੈ।



ਇਸ ਦੇ ਨਾਲ ਹੀ ਦਰਦ ਨਿਵਾਰਕ ਦਵਾਈਆਂ ਦਾ ਜ਼ਿਆਦਾ ਸੇਵਨ ਸਰੀਰ ਲਈ ਵੀ ਨੁਕਸਾਨਦਾਇਕ ਹੋ ਸਕਦਾ ਹੈ। ਅਜਿਹੇ 'ਚ ਜੋੜਾਂ ਦੇ ਦਰਦ ਨੂੰ ਘੱਟ ਕਰਨ ਲਈ ਡਾਈਟ 'ਚ ਕੁਝ ਫੂਡਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।



ਇਹ ਭੋਜਨ ਅੰਦਰੂਨੀ ਤੌਰ 'ਤੇ ਜੋੜਾਂ ਦੀ ਸੋਜ ਨੂੰ ਦੂਰ ਕਰਦੇ ਹਨ ਤੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਜੋੜਾਂ ਦੇ ਦਰਦ ਨੂੰ ਘੱਟ ਕਰਨ ਲਈ ਕਿਹੜੇ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ।



ਜੋੜਾਂ ਦੇ ਦਰਦ ਨੂੰ ਘੱਟ ਕਰਨ ਲਈ ਆਪਣੀ ਖੁਰਾਕ ਵਿੱਚ ਕੈਲਸ਼ੀਅਮ ਭਰਪੂਰ ਭੋਜਨ ਸ਼ਾਮਲ ਕਰੋ। ਕੈਲਸ਼ੀਅਮ ਹੱਡੀਆਂ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ ਤੇ ਹੱਡੀਆਂ ਨੂੰ ਸਪੋਰਟ ਪ੍ਰਦਾਨ ਕਰਦਾ ਹੈ। ਕੈਲਸ਼ੀਅਮ ਨਾਲ ਭਰਪੂਰ ਭੋਜਨ ਲਈ ਖੁਰਾਕ 'ਚ ਦੁੱਧ, ਦਹੀਂ ਤੇ ਪਨੀਰ ਨੂੰ ਸ਼ਾਮਲ ਕਰ ਸਕਦੇ ਹੋ।



ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਹਰੀਆਂ ਸਬਜ਼ੀਆਂ ਵਿੱਚ ਕੈਲਸ਼ੀਅਮ, ਵਿਟਾਮਿਨ ਕੇ ਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ,



ਜੋ ਹੱਡੀਆਂ ਦੀ ਖਣਿਜ ਘਣਤਾ ਨੂੰ ਵਧਾਉਂਦਾ ਹੈ। ਹਰੀਆਂ ਸਬਜ਼ੀਆਂ ਜੋੜਾਂ ਵਿੱਚ ਸੋਜ ਪੈਦਾ ਕਰਨ ਵਾਲੇ ਐਨਜ਼ਾਈਮ ਨੂੰ ਬਣਨ ਤੋਂ ਰੋਕਦੀਆਂ ਹਨ। ਆਪਣੀ ਖੁਰਾਕ ਵਿੱਚ ਫੁੱਲ ਗੋਭੀ, ਪਾਲਕ, ਬ੍ਰੋਕਲੀ ਤੇ ਪੱਤਾ ਗੋਭੀ ਦਾ ਸੇਵਨ ਕਰੋ।



ਮੱਛੀ ਤੇ ਮੱਛੀ ਦੇ ਤੇਲ ਵਿੱਚ ਵਿਟਾਮਿਨ ਡੀ ਤੇ ਓਮੇਗਾ-3 ਫੈਟੀ ਐਸਿਡ ਹੁੰਦੇ ਹਨ, ਜੋ ਅੰਤੜੀਆਂ ਵਿੱਚ ਕੈਲਸ਼ੀਅਮ ਸੋਖਣ ਲਈ ਮਹੱਤਵਪੂਰਨ ਹੁੰਦੇ ਹਨ ਤੇ ਹੱਡੀਆਂ ਦੀ ਘਣਤਾ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।



ਮੱਛੀ ਦੇ ਤੇਲ ਵਿੱਚ ਪਾਏ ਜਾਣ ਵਾਲੇ ਓਮੇਗਾ-3 ਫੈਟੀ ਐਸਿਡ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਹੱਡੀਆਂ ਦੇ ਨੁਕਸਾਨ ਤੇ ਫ੍ਰੈਕਚਰ ਦੇ ਜੋਖਮ ਨੂੰ ਘਟਾ ਕੇ ਹੱਡੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।