ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਸਿੰਗਰ ਹੈ। ਗਾਇਕ ਇੰਨੀਂ ਦਿਨੀਂ ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਔਜਲੇ ਦੀ ਇਸ ਐਲਬਮ ਨੇ ਉਨ੍ਹਾਂ ਨੂੰ ਗਲੋਬਲ ਸਟਾਰ ਬਣਾ ਦਿੱਤਾ ਹੈ। ਇਸ ਦਰਮਿਆਨ ਕਰਨ ਔਜਲਾ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਦੀ ਜਾਣਕਾਰੀ ਗਾਇਕ ਨੇ ਖੁਦ ਪੋਸਟ ਸ਼ੇਅਰ ਕਰ ਆਪਣੇ ਫੈਨਜ਼ ਨੂੰ ਦਿੱਤੀ ਹੈ। ਦਰਅਸਲ, ਕਰਨ ਔਜਲਾ ਦੇ ਗਾਣਿਆਂ ਨੂੰ 184 ਦੇਸ਼ਾਂ 'ਚ ਸੁਣਿਆ ਗਿਆ ਹੈ। ਉਨ੍ਹਾਂ ਦੇ ਗਾਣਿਆਂ ਨੂੰ 969.5 ਮਿਲੀਅਨ ਸਟ੍ਰੀਮਜ਼ ਮਿਲੇ ਹਨ, ਯਾਨਿ 96 ਕਰੋੜ ਵਾਰ ਔਜਲਾ ਦੇ ਗਾਣਿਆਂ ਨੂੰ ਸੁਣਿਆ ਗਿਆ ਹੈ। ਇਹੀ ਨਹੀਂ ਔਜਲਾ ਦੀ ਇਸ ਪੋਸਟ ਦੇ ਮੁਤਾਬਕ ਉਨ੍ਹਾਂ ਦੇ 28.8 ਮਿਲੀਅਨ ਯਾਨਿ 3 ਕਰੋੜ ਦੇ ਕਰੀਬ ਐਕਟਿਵ ਲਿਸਨਰਜ਼ ਹਨ, ਜੋ ਉਨ੍ਹਾਂ ਦੇ ਗਾਣਿਆਂ ਨੂੰ ਲਗਾਤਾਰ ਸੁਣਦੇ ਹਨ। ਕਰਨ ਔਜਲਾ ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਇਹ ਤਾਂ ਬੱਸ ਸ਼ੁਰੂਆਤ ਹੈ...' ਔਜਲਾ ਨੇ ਇੱਕ ਤਸਵੀਰ ਹੋਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਪਿਛਲੇ 2-3 ਮਹੀਨਿਆਂ 'ਚ ਔਜਲਾ ਦੀ ਕਾਮਯਾਬੀ ਦਾ ਗਰਾਫ ਕਿੰਨੀ ਤੇਜ਼ੀ ਨਾਲ ਉੱਪਰ ਗਿਆ ਹੈ। ਉਨ੍ਹਾਂ ਨੂੰ ਪੂਰੀ ਦੁਨੀਆ ਵਿੱਚ 1 ਅਰਬ ਤੋਂ ਜ਼ਿਆਂਦਾ ਲੋਕਾਂ ਨੇ ਸੁਣਿਆ ਹੈ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਰਿਕਾਰਡ ਹੈ। ਉਹ ਸਿੱਧੂ ਮੂਸੇਵਾਲਾ ਦਾ ਰਿਕਾਰਡ ਤੋੜਨ ਦੇ ਕਾਫੀ ਕਰੀਬ ਹਨ। ਸਿੱਧੂ ਦੇ ਗਾਣਿਆਂ ਨੂੰ 193 ਦੇਸ਼ਾਂ ਵਿੱਚ ਸੁਣਿਆ ਜਾ ਚੁੱਕਿਆ ਹੈ। ਕਰਨ ਔਜਲਾ ਇਸ ਮੀਲ ਪੱਥਰ ਤੱਕ ਪਹੁੰਚਣ ਦੇ ਕਾਫੀ ਕਰੀਬ ਹਨ।