ਬਾਜਰਾ ਛੋਟੇ ਬੀਜਾਂ ਵਾਲਾ ਇੱਕ ਕਿਸਮ ਦਾ ਅਨਾਜ ਹੈ, ਜੋ ਪੂਰੀ ਦੁਨੀਆ ਵਿੱਚ ਉਗਾਇਆ ਅਤੇ ਖਾਧਾ ਜਾਂਦਾ ਹੈ। ਭਾਰਤ 'ਚ ਬਾਜਰੇ ਦੀ ਰੋਟੀ, ਦਲੀਆ ਤੇ ਰਾਬ ਵਰਗੀਆਂ ਚੀਜ਼ਾਂ ਨੂੰ ਬਹੁਤ ਸ਼ੌਕ ਨਾਲ ਖਾਧਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਸਾਬਤ ਅਨਾਜ ਤੋਂ ਬਣੇ ਦੁੱਧ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ। ਇਹ ਇੱਕ ਕਿਸਮ ਦਾ ਡੇਅਰੀ ਫਰੀ ਪੀਣ ਵਾਲਾ ਪਦਾਰਥ ਹੈ ਜਿਸ ਵਿੱਚ ਪ੍ਰੋਟੀਨ, ਕਈ ਤਰ੍ਹਾਂ ਦੇ ਵਿਟਾਮਿਨ ਤੇ ਖਣਿਜ ਪਾਏ ਜਾਂਦੇ ਹਨ। ਇੰਨਾ ਹੀ ਨਹੀਂ ਇਹ ਗਲੂਟਨ ਫਰੀ ਹੈ। ਅਜਿਹੀ ਸਥਿਤੀ ਵਿੱਚ, ਇਹ ਉਨ੍ਹਾਂ ਲਈ ਇੱਕ ਬਿਹਤਰ ਵਿਕਲਪ ਸਾਬਤ ਹੋ ਸਕਦਾ ਹੈ ਜੋ ਡੇਅਰੀ ਮੁਕਤ, ਲੈਕਟੋਜ਼, ਵੀਗਨ ਡਾਈਟ 'ਤੇ ਹਨ। ਇਸ ਦੁੱਧ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਬਾਜਰੇ ਦਾ ਦੁੱਧ, ਪ੍ਰੋਸੈਸਡ ਬਾਜਰੇ ਦਾ ਦੁੱਧ, ਫੌਕਸਟੇਲ ਬਾਜਰੇ ਦਾ ਦੁੱਧ ਤੇ ਭੂਰੇ ਬਾਜਰੇ ਦਾ ਦੁੱਧ। ਹਾਲਾਂਕਿ, ਜੇਕਰ ਦੇਖਿਆ ਜਾਵੇ ਤਾਂ ਇਹ ਬਾਜ਼ਾਰ ਵਿੱਚ ਬਦਾਮ ਜਾਂ ਸੋਇਆ ਦੁੱਧ ਜਿੰਨਾ ਆਸਾਨੀ ਨਾਲ ਉਪਲਬਧ ਨਹੀਂ ਹੈ। ਬਾਜਰੇ ਦਾ ਦੁੱਧ ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜਿਸ ਨੂੰ ਪੀਣ ਨਾਲ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਦੇ ਨਾਲ ਹੀ, ਇਹ ਇਮਿਊਨ ਸਿਸਟਮ ਤੇ ਹੱਡੀਆਂ ਲਈ ਵੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਬਾਜਰਾ ਗਲੁਟਨ ਮੁਕਤ ਹੁੰਦਾ ਹੈ, ਇਸ ਲਈ ਜਿਨ੍ਹਾਂ ਲੋਕਾਂ ਨੂੰ ਸੇਲੀਏਕ ਰੋਗ ਜਾਂ ਗਲੂਟਨ ਇਨਚੌਲਰੈਂਸ ਹੈ, ਉਨ੍ਹਾਂ ਲਈ ਡੇਅਰੀ ਦੁੱਧ ਦੀ ਬਜਾਏ ਬਾਜਰੇ ਦਾ ਦੁੱਧ ਇੱਕ ਸਿਹਤਮੰਦ ਵਿਕਲਪ ਸਾਬਤ ਹੋ ਸਕਦਾ ਹੈ। ਇਸ ਦੁੱਧ ਵਿੱਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਠੀਕ ਰੱਖਣ ਅਤੇ ਕਬਜ਼ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਇਸ ਵਿਚ ਪ੍ਰੀਬਾਇਓਟਿਕਸ ਵੀ ਹੁੰਦੇ ਹਨ, ਜੋ ਅੰਤੜੀਆਂ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ।