ਅਸੀਂ ਹੱਥ ਧੋਂਦੇ ਹਾਂ, ਟਰਾਲੀਆਂ ਨੂੰ ਸੈਨੀਟਾਈਜ਼ ਕਰਦੇ ਹਾਂ, ਪਰ ਅਕਸਰ ਆਪਣੇ ਮੋਬਾਈਲ ਫੋਨ ਦੀ ਸਫਾਈ ਭੁੱਲ ਜਾਂਦੇ ਹਾਂ, ਜੋ ਕਿ ਦਿਨ ਭਰ ਸਾਡੇ ਹੱਥਾਂ ਵਿੱਚ ਰਹਿੰਦਾ ਹੈ।



ਮੋਬਾਈਲ ਫੋਨ ਨੂੰ ਅਸੀਂ ਰਸੋਈ, ਟੈਬਲਾਂ, ਇੱਥੋਂ ਤੱਕ ਕਿ ਟਾਇਲਟ ਵਿੱਚ ਵੀ ਲੈ ਜਾਂਦੇ ਹਾਂ। ਇਸ ਕਰਕੇ ਇਸ 'ਤੇ ਕਈ ਕਿਸਮ ਦੇ ਕੀਟਾਣੂ ਲੱਗ ਜਾਂਦੇ ਹਨ। ਇਸ ਲਈ, ਹੱਥਾਂ ਦੇ ਨਾਲ ਨਾਲ ਫੋਨ ਦੀ ਸਫਾਈ ਕਰਨੀ ਵੀ ਬਹੁਤ ਜ਼ਰੂਰੀ ਹੈ।

ਅਧਿਐਨ ਦੱਸਦੇ ਹਨ ਕਿ ਜਦੋਂ ਮੋਬਾਈਲ ਫੋਨ ਦੀ ਸਤਹ ਤੋਂ ਨਮੂਨੇ ਲੈ ਕੇ ਜਾਂਚ ਕੀਤੀ ਜਾਂਦੀ ਹੈ, ਤਾਂ ਉੱਤੇ ਸੈਂਕੜੇ ਕਿਸਮਾਂ ਦੇ ਬੈਕਟੀਰੀਆ ਤੇ ਵਾਇਰਸ ਮਿਲਦੇ ਹਨ।

ਹਾਲਾਂਕਿ ਇਹ ਸਾਰੇ ਬਿਮਾਰੀ ਨਹੀਂ ਫੈਲਾਉਂਦੇ, ਪਰ ਲਾਗ ਲੱਗਣ ਦਾ ਖ਼ਤਰਾ ਰਹਿੰਦਾ ਹੈ। ਜਦੋਂ ਲੋਕ ਬਾਥਰੂਮ ਵਿੱਚ ਫੋਨ ਵਰਤਦੇ ਹਨ ਜਾਂ ਦੂਜਿਆਂ ਨਾਲ ਸਾਂਝਾ ਕਰਦੇ ਹਨ, ਤਾਂ ਇਹ ਖ਼ਤਰਾ ਹੋਰ ਵੱਧ ਜਾਂਦਾ ਹੈ।

ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਫੋਨ ਸਾਫ਼ ਕਰਨ ਲਈ ਗਲਤ ਸਮਾਨ ਜਾਂ ਕੈਮਿਕਲ ਵਰਤੇ ਜਾਣ, ਤਾਂ ਇਹ ਉਸ ਦੀ ਵਾਟਰਪ੍ਰੂਫ਼ ਸੀਲ, ਟੱਚ ਸਕਰੀਨ ਅਤੇ ਉੱਪਰਲੀ ਪਰਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਐਪਲ ਤੇ ਸੈਮਸੰਗ ਵਰਗੀਆਂ ਕੰਪਨੀਆਂ ਬਲੀਚ, ਸਿਰਕਾ, ਵਿੰਡੋ ਕਲੀਨਰ ਜਾਂ 70% ਤੋਂ ਵੱਧ ਅਲਕੋਹਲ ਵਾਲੇ ਵਾਈਪਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੰਦੀਆਂ ਹਨ, ਕਿਉਂਕਿ ਇਹ ਫੋਨ ਦੀ ਸੁਰੱਖਿਆ ਪਰਤ ਨੂੰ ਖਤਮ ਕਰ ਸਕਦੇ ਹਨ।

ਓਲੀਓਫੋਬਿਕ ਪਰਤ ਇੱਕ ਬਰੀਕ ਪਰਤ ਹੁੰਦੀ ਹੈ ਜੋ ਸਕ੍ਰੀਨ ਨੂੰ ਉਂਗਲੀਆਂ ਦੇ ਨਿਸ਼ਾਨਾਂ ਅਤੇ ਧੂੜ ਤੋਂ ਬਚਾਉਂਦੀ ਹੈ।

ਅਲਕੋਹਲ, ਐਸੀਟੋਨ ਜਾਂ ਅਮੋਨੀਆ ਵਾਲੇ ਕਲੀਨਰ ਇਸਨੂੰ ਨੁਕਸਾਨ ਪਹੁੰਚਾ ਸਕਦੇ ਹਨ। ਘਰੇਲੂ ਉਪਚਾਰ ਜਿਵੇਂ ਕਿ ਸਿਰਕਾ ਐਲੂਮੀਨੀਅਮ ਜਾਂ ਪਲਾਸਟਿਕ ਲਈ ਹਾਨੀਕਾਰਕ ਹੋ ਸਕਦੇ ਹਨ।

ਬਲੀਚ ਅਤੇ ਹਾਈਡ੍ਰੋਜਨ ਪਰਆਕਸਾਈਡ ਵਰਗੇ ਰਸਾਇਣ ਇਲੈਕਟ੍ਰਾਨਿਕ ਸਾਜੋ-ਸਾਮਾਨ ਲਈ ਬਹੁਤ ਕਠੋਰ ਮੰਨੇ ਜਾਂਦੇ ਹਨ।

ਫੋਨ ਨੂੰ ਸੁਰੱਖਿਅਤ ਢੰਗ ਨਾਲ ਸਾਫ਼ ਕਰਨ ਲਈ ਕੁਝ ਅਹਿਮ ਗੱਲਾਂ ਦਾ ਧਿਆਨ ਰੱਖੋ। ਸਫਾਈ ਤੋਂ ਪਹਿਲਾਂ ਫੋਨ ਨੂੰ ਚਾਰਜਰ ਅਤੇ ਕਵਰ ਤੋਂ ਵੱਖ ਕਰੋ।

70% ਆਈਸੋਪ੍ਰੋਪਾਈਲ ਅਲਕੋਹਲ ਵਾਲੇ ਵਾਈਪਸ ਜਾਂ ਮਾਈਕ੍ਰੋਫਾਈਬਰ ਕੱਪੜਾ ਵਰਤੋਂ। ਚਾਰਜਿੰਗ ਪੋਰਟ ਜਾਂ ਸਪੀਕਰ ਵਰਗੇ ਨਾਜ਼ੁਕ ਹਿੱਸਿਆਂ ਲਈ ਐਂਟੀ-ਸਟੈਟਿਕ ਬੁਰਸ਼ ਵਰਤਣਾ ਚੰਗਾ ਰਹੇਗਾ।

ਫੋਨ 'ਤੇ ਸਿੱਧਾ ਤਰਲ ਛਿੜਕਣਾ ਠੀਕ ਨਹੀਂ, ਇਹ ਨੁਕਸਾਨ ਪਹੁੰਚਾ ਸਕਦਾ ਹੈ। ਟਿਸ਼ੂ ਪੇਪਰ ਜਾਂ ਰੁੱਖਾ ਕੱਪੜਾ ਨਾ ਵਰਤੋ, ਇਹ ਸਕ੍ਰੀਨ 'ਤੇ ਖੁਰਚਣ ਪਾ ਸਕਦੇ ਹਨ।

ਐਪਲ ਅਤੇ ਸੈਮਸੰਗ ਨੇ ਵੀ ਕੋਵਿਡ ਦੌਰਾਨ 70% ਅਲਕੋਹਲ ਵਾਲੇ ਵਾਈਪਸ ਦੀ ਵਰਤੋਂ ਦੀ ਆਗਿਆ ਦਿੱਤੀ, ਪਰ ਹੌਲੀ-ਹੌਲੀ ਪੂੰਝਣ ਦੀ ਸਲਾਹ ਦਿੱਤੀ।