Onion Price: ਬੇਸ਼ੱਕ ਬਾਜ਼ਾਰ ਵਿੱਚ ਆਮ ਲੋਕਾਂ ਨੂੰ ਅਜੇ ਵੀ ਪਿਆਜ਼ ਮਹਿੰਗੇ ਹੀ ਮਿਲ ਰਹੇ ਹਨ ਪਰ ਥੋਕ ਕੀਮਤ ਡਿੱਗਣ ਨਾਲ ਕਿਸਾਨਾਂ ਨੂੰ ਵੱਡੀ ਮਾਰ ਪਈ ਹੈ। ਤਾਜ਼ਾ ਰਿਪੋਰਟ ਮੁਤਾਬਕ ਮੰਡੀਆਂ ਵਿੱਚ ਪਿਆਜ਼ ਦੀ ਕੀਮਤ ਅੱਧੀ ਰਹਿ ਗਈ ਹੈ। ਇਸ ਨਾਲ ਕਿਸਾਨਾਂ ਨੂੰ ਲਾਗਤ ਵੀ ਨਹੀਂ ਮੁੜ ਰਹੀ। ਹਾਸਲ ਜਾਣਕਾਰੀ ਮੁਤਾਬਕ ਦੇਸ਼ ਭਰ ਵਿੱਚ ਮਹੀਨੇ ਅੰਦਰ ਹੀ ਪਿਆਜ਼ ਦੀਆਂ ਕੀਮਤਾਂ ਵਿੱਚ 40 ਫੀਸਦੀ ਗਿਰਾਵਟ ਆਉਣ ਕਾਰਨ ਕਿਸਾਨ ਆਪਣੀ ਫਸਲ ਨਸ਼ਟ ਕਰਨ ਲਈ ਮਜਬੂਰ ਹੋ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਿਆਜ਼ ਦੇ ਮਿਲ ਰਹੇ ਭਾਅ ਨਾਲ ਤਾਂ ਲਾਗਤ ਵੀ ਪੂਰੀ ਨਹੀਂ ਹੋ ਰਹੀ। ਖਪਤਕਾਰ ਮਾਮਲਿਆਂ ਨਾਲ ਸਬੰਧਤ ਵਿਭਾਗ ਦੇ ਭਾਅ ਦੀ ਨਿਗਰਾਨੀ ਕਰਨ ਵਾਲੇ ਮਹਿਕਮੇ ਮੁਤਾਬਕ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਦੀ ਥੋਕ ਮਾਰਕੀਟ ਨਾਸਿਕ (ਮਹਾਰਾਸ਼ਟਰ) ਵਿੱਚ ਪਹਿਲੀ ਫਰਵਰੀ ਨੂੰ ਗੰਢਿਆਂ ਦਾ ਭਾਅ 1450 ਪ੍ਰਤੀ ਕੁਇੰਟਲ ਸੀ ਜੋ 28 ਫਰਵਰੀ ਤੱਕ ਡਿੱਗ ਕੇ 685 ਰੁਪਏ ਰਹਿ ਗਿਆ ਹੈ। ਇਸ ਮੁਤਾਬਕ ਸਿਰਫ 28 ਦਿਨਾਂ ਵਿੱਚ ਹੀ ਭਾਅ ਵਿੱਚ 47 ਫੀਸਦੀ ਗਿਰਾਵਟ ਆਈ ਹੈ। ਇਸੇ ਵਕਫੇ ਦੌਰਾਨ ਚੰਡੀਗੜ੍ਹ ਵਿੱਚ ਪਿਆਜ਼ ਦਾ ਭਾਅ 2500 ਪ੍ਰਤੀ ਕੁਇੰਟਲ ਤੋਂ 1450 ਰੁਪਏ ’ਤੇ ਆ ਗਿਆ ਹੈ। ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਫਸਲ ’ਤੇ ਆਈ ਲਾਗਤ ਵੀ ਨਹੀਂ ਮੁੜ ਰਹੀ ਹੈ। ਅਜਿਹੇ ਹਾਲਾਤ ਵਿੱਚ ਵਿਚੋਲੀਏ ਹੀ ਫਾਇਦਾ ਚੁੱਕ ਰਹੇ ਹਨ।