ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਪਰਮੀਸ਼ ਵਰਮਾ ਨੇ ਆਪਣੇ ਭਰਾ ਸੁਖਨ ਦੇ ਵਿਆਹ ਵਿੱਚ ਖੂਬ ਮਸਤੀ ਕੀਤੀ। ਇਸ ਤੋਂ ਬਾਅਦ ਹੁਣ ਕਲਾਕਾਰ ਆਪਣੀ ਮਾਂ ਉੱਪਰ ਪਿਆਰ ਬਰਸਾਉਂਦੇ ਹੋਏ ਵਿਖਾਈ ਦਿੱਤੇ। ਦਰਅਸਲ, ਪੰਜਾਬੀ ਕਲਾਕਾਰ ਦੀ ਮਾਂ ਨੂੰ ਹਾਲ ਹੀ ਵਿੱਚ ਰਿਟਾਇਰਮੈਂਟ ਮਿਲੀ ਹੈ। ਇਸ ਖਾਸ ਮੌਕੇ ਤੇ ਪੁੱਤਰ ਆਪਣੀ ਮਾਂ ਉੱਪਰ ਪਿਆਰ ਦੀ ਵਰਖਾ ਕਰਦੇ ਹੋਏ ਵਿਖਾਈ ਦਿੱਤੇ ਅਤੇ ਉਨ੍ਹਾਂ ਨੂੰ ਖਾਸ ਤੋਹਫ਼ਾ ਵੀ ਦਿੱਤਾ ਹੈ। ਦੱਸ ਦੇਈਏ ਕਿ ਕਲਾਕਾਰ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੀ ਮਾਂ ਨਾਲ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪੰਜਾਬੀ ਕਲਾਕਾਰ ਨੇ ਲਿਖਦੇ ਹੋਏ ਕਿਹਾ ‘ਵਾਹਿਗੁਰੂ ਮਿਹਰ ਕਰੇ, ਹੈਪੀ ਰਿਟਾਇਰਮੈਂਟ ਮਾਂ। ਆਪਣੀ ਜ਼ਿੰਦਗੀ ਜਿਓ’। ਇਸ ਦੌਰਾਨ ਪਰਮੀਸ਼ ਵੱਲੋਂ ਆਪਣੀ ਮਾਂ ਨੂੰ ਨਵੀਂ ਲਗਜ਼ਰੀ ਜੀਪ ਤੋਹਫ਼ੇ ਵਿੱਚ ਦਿੱਤੀ ਗਈ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਇਸ ਦੌਰਾਨ ਲਾਡੀ ਚਾਹਲ ਵੱਲੋਂ ਵੀ ਇਸ ਵੀਡੀਓ ਨੂੰ ਆਪਣੇ ਇੰਸਟਾ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ। ਦੱਸ ਦੇਈਏ ਕਿ ਲਾਡੀ ਅਤੇ ਪਰਮੀਸ਼ ਬਹੁਤ ਖਾਸ ਦੋਸਤ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਵਰਮਾ ਨੇ ਕਈ ਸੁਪਰਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ। ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਈ ਹਿੱਟ ਫ਼ਿਲਮਾਂ ਨਾਲ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ।