ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ Gurudwara Mattan Sahib ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਨੂੰ ਸੁੰਦਰਤਾ ਦੀ ਵਿਰਾਸਤ ਮੰਨਿਆ ਜਾਂਦਾ ਹੈ। ਇੱਥੇ ਦਾ ਹਰ ਦ੍ਰਿਸ਼ ਸੁੰਦਰਤਾ ਦੀ ਸ਼ਾਨਦਾਰ ਮਿਸਾਲ ਕਾਇਮ ਕਰਦਾ ਹੈ।



ਇਤਿਹਾਸ ਦੇ ਪੰਨਿਆਂ ਵਿੱਚ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ Sri Guru Nanak Dev Ji ਨੇ ਇੱਥੇ ਗੁਰਬਾਣੀ ਦਾ ਉਚਾਰਨ ਕੀਤਾ ਸੀ। ਗੁਰੂ ਸਾਹਿਬ ਨੇ ਜਿਹੜਾ ਸ਼ਬਦ ਇਸ ਪਾਵਨ ਪਵਿੱਤਰ ਧਰਤੀ 'ਤੇ ਉਚਾਰਣ ਕੀਤਾ ਸੀ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 467 'ਤੇ ਸਲੋਕ ਮਹਲਾ ਪਹਿਲਾ ਦੇ ਸਿਰਲੇਖ ਹੇਠ ਸੁਭਾਇਮਾਨ ਹੈ।



ਕਿਹਾ ਜਾਂਦਾ ਹੈ ਕਿ ਸ਼ੁਰੂਆਤ ਵਿਚ ਇਹ ਸਥਾਨ “ਨਾਨਕ ਥੜੇ” ਦੇ ਨਾਂ ਨਾਲ ਮਸ਼ਹੂਰ ਸੀ। ਕੁਝ ਲੋਕ ਅਜੇ ਵੀ ਇਸ ਨੂੰ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਥੜ੍ਹਾ ਕਹਿੰਦੇ ਹਨ। ਇਸ ਦੀ ਪ੍ਰਸਿੱਧੀ ਦੇ ਕਾਰਨ ਬਾਅਦ ਵਿੱਚ ਇਸ ਸਥਾਨ 'ਤੇ ਇੱਕ ਸ਼ਾਨਦਾਰ ਅਤੇ ਸੁੰਦਰ ਗੁਰਦੁਆਰਾ ਬਣਾਇਆ ਗਿਆ ਸੀ, ਜਿਸ ਨੂੰ ਅੱਜ ਦੁਨੀਆ Gurudwara Mattan Sahib ਦੇ ਨਾਮ ਨਾਲ ਜਾਣਦੀ ਹੈ।



ਸਿੱਖ ਇਤਿਹਾਸ ਮੁਤਾਬਤ ਗੁਰੂ ਨਾਨਕ ਦੇਵ ਜੀ ਇੱਥੇ ਤੀਜੀ ਉਦਾਸੀ ਵੇਲੇ ਆਏ ਸਨ, ਇੱਥੇ ਉਨ੍ਹਾਂ ਨੇ ਲੋਕਾਂ ਨੂੰ ਸਿੱਧੇ ਮਾਰਗ 'ਤੇ ਪਾਉਣਾ ਸ਼ੁਰੂ ਕੀਤਾ ਅਤੇ ਧਰਮ ਦਾ ਉਪਦੇਸ਼ ਦਿੱਤਾ। ਉੱਥੇ ਹੀ ਬਿਜਵਾੜਾ ਨਾਮ ਦੇ ਇੱਕ ਕਸਬੇ ਵਿੱਚ ਬ੍ਰਹਮਦਾਸ ਨਾਮ ਦਾ ਪੰਡਿਤ ਰਹਿੰਦਾ ਸੀ ਜਿਸ ਨੂੰ ਆਪਣੇ ਗਿਆਨ 'ਤੇ ਬੜਾ ਘਮੰਡ ਸੀ।



ਜਦੋਂ ਉਸ ਨੂੰ ਪਤਾ ਲੱਗਿਆ ਕਿ ਕੋਈ ਸੰਤ ਮੱਟਨ ਦੀ ਧਰਤੀ 'ਤੇ ਆਇਆ ਹੈ ਅਤੇ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਧਰਮ ਨਾਲ ਜੋੜ ਰਿਹਾ ਹੈ ਤਾਂ ਪੰਡਤ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਿਆ। ਉਹ ਸੂਰਜ ਚੜ੍ਹਦਿਆਂ ਗੁਰੂ ਜੀ ਕੋਲ ਪਹੁੰਚ ਗਿਆ।



ਲੋਕਾਂ ਤੋਂ ਵਾਹ-ਵਾਹ ਖੱਟਣ ਲਈ ਅਤੇ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਲਈ ਉਹ ਆਪਣੇ ਨਾਲ ਵੱਡੇ-ਵੱਡੇ ਗ੍ਰੰਥ ਅਤੇ ਪੋਥੀਆਂ ਲੈ ਆਇਆ। ਉਸ ਪੰਡਿਤ ਨੇ ਸੋਚਿਆ ਕਿ ਗੁਰੂ ਸਾਹਿਬ ਜੀ ਨੂੰ ਆਪਣੇ ਕਿਤਾਬਾਂ, ਗ੍ਰੰਥਾਂ ਅਤੇ ਪੋਥੀਆਂ ਦਾ ਡਰਾਵਾ ਦੇ ਉਨ੍ਹਾਂ ਨੂੰ ਚੁਣੌਤੀ ਦੇਵੇਗਾ ਅਤੇ ਉਹ ਜਿੱਤ ਜਾਵੇਗਾ।



ਦੂਜੇ ਪਾਸੇ ਗੁਰੂ ਸਾਹਿਬ ਜੀ ਨੂੰ ਸਭ ਕੁਝ ਪਤਾ ਸੀ, ਇਸ ਲਈ ਉਹ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ। ਜਿਵੇਂ ਹੀ ਪੰਡਿਤ ਜੀ ਨੇ ਗੁਰੂ ਸਾਹਿਬ ਜੀ ਨੂੰ ਹੋਰ ਲੋਕਾਂ ਵਾਂਗ ਧਰਮ ਬਾਰੇ ਵਿਚਾਰ ਕਰਨ ਅਤੇ ਸੰਵਾਦ ਕਰਨ ਦੀ ਚੁਣੌਤੀ ਦਿੱਤੀ



ਤਾਂ ਗੁਰੂ ਸਾਹਿਬ ਜੀ ਨੇ ਮੁਸਕਰਾਉਂਦਿਆਂ ਹੋਏ ਕਿਹਾ, ਪੰਡਿਤ ਜੀ, ਇੰਨਾ ਗਿਆਨ ਪ੍ਰਾਪਤ ਕਰਨ ਦੇ ਬਾਵਜੂਦ, ਤੁਸੀਂ ਅਜੇ ਵੀ ਆਪਣੀਆਂ ਇੰਦਰੀਆਂ 'ਤੇ ਕਾਬੂ ਨਹੀਂ ਰੱਖ ਸਕੇ, ਜਿਸ ਕਰਕੇ ਤੁਹਾਡੇ ਹਿਰਦੇ ਵਿਚੋਂ ਗਿਆਨ ਦੇ ਪ੍ਰਕਾਸ਼ ਦੀ ਥਾਂ ਹਉਮੈ ਪੈਦਾ ਹੋ ਗਈ ਹੈ।



ਇਸ ਤੋਂ ਬਾਅਦ ਪੰਡਿਤ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਇਸ ਥਾਂ 'ਤੇ ਗੁਰੂ ਸਾਹਿਬ ਨੇ ਉਸ ਪੰਡਿਤ ਨੂੰ ਗਿਆਨ ਦਾ ਰਾਹ ਦਿਖਾਉਂਦਿਆਂ ਹੋਇਆਂ ਗੁਰਬਾਣੀ ਦਾ ਉਪਦੇਸ਼ ਦਿੱਤਾ ਅਤੇ ਉਸ ਦਾ ਹੰਕਾਰ ਤੋੜਿਆ।



ਇਸ ਥਾਂ 'ਤੇ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ ਸੀ, ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥