Gurdwara Baba Atal Rai Sahib Ji ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਇ ਜੀ ਦੀ ਯਾਦ ਵਿੱਚ ਸੁਸ਼ੋਭਿਤ ਹੈ। ਇਹ ਗੁਰਦੁਆਰਾ Sri Harmandir Sahib ਤੋਂ 200 ਮੀਟਰ ਦੂਰ ਦੱਖਣ ਵੱਲ ਕੌਲਸਰ ਸਰੋਵਰ ਦੇ ਨੇੜੇ ਸਥਿਤ ਹੈ। ਇੱਥੇ ਬਾਬਾ ਅਟੱਲ ਰਾਇ ਜੀ ਨੇ 9 ਸਾਲ ਦੀ ਛੋਟੀ ਉਮਰ ਚ ਜੋਤੀ-ਜੋਤ ਸਮਾਏ ਸਨ।



Baba Atal Rai Ji ਦਾ ਜਨਮ ਗੁਰਦੁਆਰਾ ਗੁਰੂ ਕੇ ਮਹਿਲ, Amritsar ਵਿਖੇ 1619 ਈ. ਵਿੱਚ ਹੋਇਆ। ਜਦੋਂ ਬਾਬਾ ਜੀ ਛੋਟੀ ਉਮਰ ਦੇ ਸਨ ਤਾਂ ਉਨ੍ਹਾਂ ਵੱਲੋਂ ਸਹਿਜ ਸੁਭਾਏ ਆਖੇ ਗਏ ਕਹੇ ਬਚਨ ਪੂਰੇ ਹੋ ਜਾਂਦੇ ਸਨ। ਇਸ ਕਰਕੇ ਛੋਟੀ ਉਮਰ 'ਚ ਹੀ ਸਾਰੇ ਅਟੱਲ ਰਾਇ ਜੀ ਨੂੰ ਬਾਬਾ ਜੀ ਕਿਹਾ ਕਰਦੇ ਸਨ। ਬਾਬਾ ਜੀ ਬਾਲ ਅਵਸਥਾ 'ਚ ਆਪਣੇ ਹਾਣੀ ਬਾਲਕਾਂ ਨਾਲ ਖਿੱਦੋ ਖੂੰਡੀ ਖੇਡਿਆ ਕਰਦੇ ਸਨ।



ਇੱਕ ਦਿਨ ਖੇਡਦਿਆਂ-ਖੇਡਦਿਆਂ ਬਾਲਕ ਮੋਹਨ ਦੇ ਸਿਰ ਵਾਰੀ ਆਈ , ਸ਼ਾਮ ਹੋ ਜਾਣ ਕਰਕੇ ਉਸ ਨੇ ਅਗਲੇ ਦਿਨ ਵਾਰੀ ਦੇਣ ਦਾ ਵਾਅਦਾ ਕੀਤਾ। ਰਾਤ ਵੇਲੇ ਮੋਹਨ ਨੂੰ ਸੱਪ ਨੇ ਡੰਗ ਲਿਆ ਤੇ ਉਸ ਦੀ ਮੌਤ ਹੋ ਗਈ।



ਜਦੋਂ ਮੋਹਨ ਅਗਲੇ ਦਿਨ ਖੇਡਣ ਨਾ ਆਇਆ ਤਾਂ Baba Atal Rai Ji ਸਾਥੀਆਂ ਸਮੇਤ ਮੋਹਨ ਦੇ ਘਰ ਪਹੁੰਚ ਗਏ। ਅੱਗੇ ਦੇਖਿਆ ਕਿ ਮੋਹਨ ਦੇ ਮਾਤਾ ਪਿਤਾ ਰੋ ਰਹੇ ਸਨ।



ਰੋਂਦੇ ਹੋਏ ਮਾਪਿਆਂ ਨੇ ਦੱਸਿਆ ਕਿ ਮੋਹਨ ਨੂੰ ਸੱਪ ਲੜ ਗਿਆ ਹੈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ। ਇਹ ਸੁਣ ਕੇ ਬਾਬਾ ਜੀ ਨੇ ਮੋਹਨ ਨੂੰ ਅਵਾਜ਼ ਮਾਰੀ ਤੇ ਉੱਠ ਕੇ ਖੇਡਣ ਲਈ ਕਿਹਾ। ਬਾਬਾ ਜੀ ਦੇ ਬਚਨਾਂ ਨਾਲ ਮੋਹਨ ਉੱਠ ਖੜ੍ਹਾ ਹੋਇਆ।



ਇਸ ਗੱਲ ਦੀ ਚਰਚਾ ਸਾਰੇ ਨਗਰ ਵਿੱਚ ਫੈਲ ਗਈ। Sri Guru Hargobind Sahib Ji ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਗੁਰੂ ਸਾਹਿਬ ਨੇ ਫੁਰਮਾਇਆ ਭਾਣਾ ਉਲਟਿਆ ਜੇ, ਬਾਬਾ ਜੀ ਸਮਝ ਗਏ ਤੇ ਇਸ ਅਸਥਾਨ 'ਤੇ ਚਾਦਰ ਤਾਣ ਕੇ ਲੇਟ ਗਏ ਅਤੇ ਸਰੀਰ ਤਿਆਗ ਦਿੱਤਾ।



ਇਹ ਘਟਨਾ 1628 ਈ. ਦੀ ਹੈ। ਗੁਰੂ ਸਾਹਿਬ ਜੀ ਨੇ ਆਪਣੇ ਸਪੁੱਤਰ ਬਾਬਾ ਅਟੱਲ ਰਾਇ ਜੀ ਦਾ ਇੱਥੇ ਹੀ ਸਸਕਾਰ ਕੀਤਾ। ਸਸਕਾਰ ਵੇਲੇ ਜਿਸ ਥਾਂ ਗੁਰੂ ਸਾਹਿਬ ਸੰਗਤਾਂ ਸਮੇਤ ਬਿਰਾਜਮਾਨ ਹੋਏ ਉਸ ਥਾਂ ਗੁਰਦੁਆਰਾ ਬਾਰਾਂਦਰੀ ਹੈ। Baba Atal Rai Ji ਦੇ ਸਸਕਾਰ ਅਸਥਾਨ 'ਤੇ 150 ਫੁੱਟ ਉੱਚੀ 19 ਫੁੱਟ ਚੌੜੀ ਮੀਨਾਰ ਦੇ ਅਕਾਰ ਦੀ ਨੌ ਮੰਜ਼ਿਲਾ ਸੁੰਦਰ ਇਮਾਰਤ ਉਸਾਰੀ ਗਈ ਹੈ। ਪਹਿਲਾਂ ਇੱਥੇ ਮੂਲ ਇਮਾਰਤ ਛੋਟੇ ਅਕਾਰ ਦੀ ਸੀ।



ਮੌਜੂਦਾ ਉੱਚੀ ਯਾਦਗਾਰ ਸਿੱਖ ਮਿਸਲਾਂ ਸਮੇਂ ਉਸਾਰੀ ਗਈ। ਇਸ ਇਮਾਰਤ ਦਾ ਸੰਗੇ ਬੁਨਿਆਦ 1770 ਵਿੱਚ ਰੱਖਿਆ ਗਿਆ ਤੇ ਪਹਿਲੀਆਂ ਤਿੰਨ ਮੰਜ਼ਿਲਾਂ 1784 ਵਿੱਚ ਮੁਕੰਮਲ ਹੋਈਆਂ। ਪਹਿਲੀਆਂ ਤਿੰਨ ਮੰਜ਼ਿਲਾਂ Sardar Jassa Singh Ramgarhia ਤੇ ਸ. ਜੋਧ ਸਿੰਘ ਨੇ ਉਸਾਰੀਆਂ। ਇਸ ਦੀਆਂ ਉਪਰਲੀਆਂ ਮੰਜ਼ਿਲਾਂ Maharaja Ranjit Singh ਨੇ 1820 ਵਿੱਚ ਮੁਕੰਮਲ ਕੀਤੀਆਂ।



ਇਸ ਇਮਾਰਤ ਦੀਆਂ ਦੀਵਾਰਾਂ 'ਤੇ ਨਕਾਸ਼ਾਂ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਸੁੰਦਰ ਚਿੱਤਰ ਬਣਾਏ ਗਏ ਹਨ।ਇਸ ਇਮਾਰਤ ਦੀ ਵਿਲੱਖਣਤਾ ਹੈ ਕਿ ਇਹ ਸ੍ਰੀ ਅੰਮ੍ਰਿਤਸਰ ਦੇ ਅੰਦਰੂਨੀ ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਵਿੱਚੋਂ ਉੱਚੀ ਇਮਾਰਤ ਹੈ।



ਇਸ ਦੀ ਉੱਪਰਲੀ ਛੱਤ 'ਤੇ ਖੜੇ ਹੋ ਕੇ ਪੂਰਾ ਅੰਮ੍ਰਿਤਸਰ ਸ਼ਹਿਰ ਦੇਖਿਆ ਜਾ ਸਕਦਾ ਹੈ। ਇਸ ਗੁਰਦੁਆਰੇ ਨਾਲ ਇੱਕ ਕਹਾਵਤ ਜੁੜੀ ਹੋਈ ਹੈ .. ਬਾਬਾ ਅਟੱਲ ਪੱਕੀਆਂ ਪਕਾਈਆਂ ਘੱਲ.. ਇਸ ਅਸਥਾਨ ਲੰਗਰ ਨਹੀਂ ਪੱਕਦਾ ਤੇ ਸੰਗਤ ਘਰਾਂ ਤੋਂ ਲੰਗਰ ਪਕਾ ਕੇ ਲਿਆਉਂਦੀ ਹੈ। ਘਰਾਂ ਤੋਂ ਪਕਾ ਕੇ ਲਿਆਂਦੇ ਲੰਗਰ ਨੂੰ ਸੰਗਤ ਬੜੀ ਭਾਵਨਾ ਨਾਲ ਛਕਦੀ ਤੇ ਬਾਬਾ ਅਟੱਲ ਰਾਇ ਜੀ ਨੂੰ ਯਾਦ ਕਰਦੀ ਹੈ।